ਨਵੀਂ ਦਿੱਲੀ, 1 ਫਰਵਰੀ
ਸੁਪਰੀਮ ਕੋਰਟ ਨੇ ਸੋਮਵਾਰ ਨੂੰ ਪੰਜਾਬ ਪੁਲੀਸ ਨੂੰ ਹਦਾਇਤ ਕੀਤੀ ਕਿ ਉਹ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਨੂੰ 3 ਫਰਵਰੀ ਤਕ ਗ੍ਰਿਫ਼ਤਾਰ ਨਾ ਕਰੇ। ਬੈਂਸ ਖਿਲਾਫ਼ ਜਬਰ ਜਨਾਹ ਮਾਮਲੇ ਵਿੱਚ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ। ਉਂਜ ਅਦਾਲਤ ਇਸ ਪੱਖ ਵਿੱਚ ਸੀ ਕਿ ਮੁਲਜ਼ਮ ਵਿਧਾਇਕ ਨੂੰ 23 ਫਰਵਰੀ ਤਕ ਗ੍ਰਿਫ਼ਤਾਰ ਨਾ ਕੀਤਾ ਜਾਵੇ ਤਾਂ ਜੋ ਉਹ ਚੋਣ ਲੜ ਸਕੇ ਪਰ ਪੀੜਤਾ ਦੇ ਵਕੀਲ ਨੇ ਇਸ ਦਾ ਵਿਰੋਧ ਕੀਤਾ। ਉਪਰੋਕਤ ਹੁਕਮ ਚੀਫ ਜਸਟਿਸ ਐਨਵੀ ਰਾਮੰਨਾ , ਜਸਟਿਸ ਏਐਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੀ ਬੈਂਚ ਨੇ ਦਿੱਤੇ। ਪੀੜਤਾ ਦੇ ਵਕੀਲ ਨੇ ਮੁਲਜ਼ਮ ਨੂੰ ਰਾਹਤ ਦੇਣ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਕਿ ਉਸ ਖ਼ਿਲਾਫ਼ ਚਾਰ ਅਪਰਾਧਕ ਮਾਮਲੇ ਦਰਜ ਹਨ ਤੇ ਇਹ ਕੇਸ ਸਿਆਸੀ ਬਦਲਾਖੋਰੀ ਨਾਲ ਸਬੰਧਤ ਨਹੀਂ ਹੈ।