ਰੂਪਨਗਰ, 22 ਜੁਲਾਈ
ਵਿਧਾਇਕ ਦਿਨੇਸ਼ ਚੱਢਾ ਵੱਲੋਂ ਤਹਿਸੀਲ ਦਫ਼ਤਰ ਦੀ ਕੀਤੀ ਗਈ ਅਚਨਚੇਤ ਜਾਂਚ ਖ਼ਿਲਾਫ਼ ਮੁਲਾਜ਼ਮਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ ਹੈ। ਇਸ ਹੜਤਾਲ ਵਿੱਚ ਡੀਸੀ ਦਫਤਰ ਕਰਮਚਾਰੀ ਯੂਨੀਅਨ, ਆਊਟਸੋਰਸਿੰਗ ਡੀਸੀ ਦਫਤਰ ਯੂਨੀਅਨ ਅਤੇ ਪਟਵਾਰੀਆਂ ਤੇ ਕਾਨੂੰਨਗੋਆਂ ਸਮੇਤ ਪੰਜਾਬ ਰੈਵੇਨਿਊ ਅਫਸਰ ਐਸੋਸੀਏਸ਼ਨ ਸ਼ਾਮਲ ਹੈ। ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਤਹਿਸੀਲਦਾਰ ਅਤੇ ਐੱਸਡੀਐੱਮ ਦਫਤਰ ਨੇੜੇ ਧਰਨਾ ਦਿੱਤਾ। ਦੂਜੇ ਪਾਸੇ ਵਿਧਾਇਕ ਦੇ ਹੱਕ ਵਿਚ ਵੱਡੀ ਗਿਣਤੀ ਲੋਕਾਂ ਨੇ ਇਕੱਠੇ ਹੋ ਕੇ ਛਾਪਿਆਂ ਦੀ ਕਾਰਵਾਈ ਦਾ ਸਮਰਥਨ ਕੀਤਾ ਹੈ।
ਧਰਨਾਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਵਿਧਾਇਕ ਕੋਲ ਅਜਿਹੀ ਪੜਤਾਲ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਅਜਿਹੀ ਜਾਂਚ ਨਾਲ ਮੁਲਾਜ਼ਮਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਵਿਧਾਇਕ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦੇ ਹੋਏ ਤਹਿਸੀਲਦਾਰ ਦੀ ਕੁਰਸੀ ’ਤੇ ਬੈਠ ਕੇ ਤਹਿਸੀਲਦਾਰ ਰੂਪਨਗਰ ਅਤੇ ਦਫਤਰ ਦੇ ਮੁਲਾਜ਼ਮਾਂ ਨਾਲ ਆਮ ਜਨਤਾ ਦੇ ਸਾਹਮਣੇ ਦੁਰਵਿਹਾਰ ਕੀਤਾ ਤੇ ਇਸ ਦੀ ਵੀਡੀਓਗ੍ਰਾਫੀ ਕਰਕੇ ਆਪਣੇ ਸੋਸ਼ਲ ਮੀਡੀਆ ਖਾਤੇ ’ਤੇ ਅਪਲੋਡ ਕਰ ਦਿੱਤੀ ਗਈ, ਜਿਸ ਨਾਲ ਤਹਿਸੀਲਦਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਅਕਸ ਖ਼ਰਾਬ ਹੋਇਆ ਹੈ, ਜਦਕਿ ਦਫਤਰੀ ਸਟਾਫ ਅਤੇ ਤਹਿਸੀਲਦਾਰ ਵੱਲੋਂ ਆਪਣਾ ਕੰਮ ਇਮਾਨਦਾਰੀ ਨਾਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਵਿਧਾਇਕ ਨੇ ਆਪਣੀ ਗ਼ਲਤੀ ਨਾ ਮੰਨੀ ਤਾਂ ਸੋਮਵਾਰ ਤੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸੇ ਦੌਰਾਨ ਮਹਾਰਾਜਾ ਰਣਜੀਤ ਸਿੰਘ ਬਾਗ ਰੂਪਨਗਰ ਵਿਚ ਵਿਧਾਇਕ ਦਿਨੇਸ਼ ਚੱਢਾ ਦੇ ਹੱਕ ਵਿੱਚ ਇਲਾਕਾ ਵਾਸੀਆਂ ਵੱਲੋਂ ਭਰਵਾਂ ਇਕੱਠ ਕਰਕੇ ਵਿਧਾਇਕ ਵੱਲੋਂ ਮੰਗਲਵਾਰ ਨੂੰ ਤਹਿਸੀਲਦਾਰ ਦਫਤਰ ਵਿਚ ਕੀਤੀ ਗਈ ਚੈਕਿੰਗ ਦੀ ਕਾਰਵਾਈ ਨੂੰ ਜਾਇਜ਼ ਠਹਿਰਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਵੱਖ ਵੱਖ ਪਾਰਟੀਆਂ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਇਕੱਠੇ ਹੋਏ।