ਟੋਹਾਣਾ/ ਪੰਚਕੂਲਾ, 5 ਜੂਨ

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਕਿਸਾਨ ਅੰਦੋਲਨ ਦੀ ਚਿੰਤਾ ਹੈ ਪਰ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਮੁੱਖ ਮੰਤਰੀ ਬਣਨ ਲਈ ਕਿਸਾਨਾਂ ਸਬੰਧੀ ਬਿਆਨਬਾਜ਼ੀ ਕਰ ਕੇ ਮੁੱਖ ਮੰਤਰੀ ਖੱਟਰ ਨੂੰ ਪਛਾੜਨ ’ਚ ਰੁਚੀ ਹੈ। ਇਹ ਦਾਅਵਾ ਰਾਕੇਸ਼ ਟਿਕੈਤ ਨੇ ਅਨਾਜ ਮੰਡੀ ਵਿੱਚ ਇੱਥੋਂ ਦੇ ਕਿਸਾਨਾਂ ਦੀਆਂ ਗ੍ਰਿਫ਼ਤਾਰੀਆਂ ਵਿਰੁੱਧ ਕੀਤੀ ਗਈ ਜਨਤਕ ਸਭਾ ਵਿੱਚ ਕੀਤਾ। ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਤੇ ਰਾਕੇਸ਼ ਟਿਕੈਤ ਵੱਲੋਂ ਗ੍ਰਿਫ਼ਤਾਰੀ ਦੇਣ ਲਈ ਸਦਰ ਥਾਣੇ ਦੇ ਘਿਰਾਓ ਮਗਰੋਂ ਕਿਸਾਨਾਂ ਦੀ 13 ਮੈਂਬਰੀ ਕਮੇਟੀ ਤੇ ਵਿਧਾਇਕ ਦਵਿੰਦਰ ਬਬਲੀ ਦੀ ਗੱਲਬਾਤ ਤੋਂ ਬਾਅਦ 33 ਸਕਿੰਟ ਦੀ ਵੀਡੀਓ ਜਾਰੀ ਕੀਤੀ ਗਈ ਜਿਸ ਨਾਲ ਵਿਧਾਇਕ ਤੇ ਕਿਸਾਨਾਂ ’ਚ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ। ਜਾਣਕਾਰੀ ਮੁਤਾਬਕ ਇਸ ਵੀਡੀਓ ਵਿੱਚ ਵਿਧਾਇਕ ਬਬਲੀ ਨੇ ਕਿਹਾ ਕਿ 1 ਜੂਨ ਨੂੰ ਜੋ ਵੀ ਹੋਇਆ, ਉਹ ਕਿਸਾਨਾਂ ਨੂੰ ਆਪਣੇ ਵੱਲੋਂ ਮੁਆਫ਼ ਕਰਦੇ ਹਨ। ਉਨ੍ਹਾਂ (ਵਿਧਾਇਕ ਬਬਲੀ) ਦੇ ਮੂੰਹੋਂ ਜੋ ਸ਼ਬਦ ਨਿਕਲੇ, ਉਹ ਸ਼ੋਭਾਜਨਕ ਨਹੀਂ ਸਨ। ਉਹ ਜਨਪ੍ਰਤੀਨਿਧੀ ਹਨ। ਉਹ ਸ਼ਬਦ ਵਾਪਸ ਲੈਂਦੇ ਹੋਏ ਅਫ਼ਸੋਸ ਪ੍ਰਗਟ ਕਰਦੇ ਹਨ। ਬਲੀਆਂਵਾਲਾ ਰੈਸਟ ਹਾਊਸ ਵਿੱਚ ਕਿਸਾਨ ਪੰਚਾਇਤ ਤੇ ਵਿਧਾਇਕ ਬਬਲੀ ਵਿਚਕਾਰ ਪੰਚਾਇਤੀ ਫ਼ੈਸਲੇ ਨਾਲ ਇਸ ਵਿਵਾਦ ਦਾ ਨਿਪਟਾਰਾ ਹੋ ਗਿਆ।

ਇਸ ਤੋਂ ਪਹਿਲਾਂ ਖੇਤੀ ਕਾਨੂੰਨਾਂ ਖਿਲਾਫ਼ ਪ੍ਰਦਰਸ਼ਨ ਕਰ ਰਹੇ ਕਿਸਾਨ ਆਗੂਆਂ ਰਾਕੇਸ਼ ਟਿਕੈਤ ਤੇ ਗੁਰਨਾਮ ਸਿੰਘ ਚੜੂਨੀ ਦੀ ਅਗਵਾਈ ਹੇਠ ਵੱਡੀ ਗਿਣਤੀ ਕਿਸਾਨ ਅਨਾਜ ਮੰਡੀ ਵਿੱਚ ਇਕੱਠੇ ਹੋਏ ਤੇ ਉਨ੍ਹਾਂ ਥਾਣਾ ਸਦਰ ਵੱਲ ਰੋਸ ਮਾਰਚ ਕੀਤਾ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜਜਪਾ ਵਿਧਾਇਕ ਦਵਿੰਦਰ ਬਬਲੀ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਉਨਾਂ ਦੋਸ਼ ਲਾਇਆ ਕਿ ਵਿਧਾਇਕ ਨੇ ਕਿਸਾਨਾਂ ਖਿਲਾਫ਼ ਅਪਮਾਨਜਨਕ ਸ਼ਬਦਾਵਲੀ ਵਰਤੀ ਤੇ ਗਾਲ੍ਹਾਂ ਕੱਢੀਆਂ। ਉਨ੍ਹਾਂ ਪੁਲੀਸ ਹਿਰਾਸਤ ਵਿਚ ਲਏ ਦੋ ਕਿਸਾਨਾਂ ਦੀ ਰਿਹਾਈ ਵੀ ਮੰਗੀ। ਇਸ ਤੋਂ ਬਾਅਦ ਇਨ੍ਹਾਂ ਆਗੂਆਂ ਨੇ ਆਪਣੇ ਆਪ ਨੂੰ ਗ੍ਰਿਫ਼ਤਾਰੀ ਲਈ ਪੇਸ਼ ਕੀਤਾ।

ਇਸ ਤੋਂ ਇਲਾਵਾ ਖੇਤੀ ਕਾਨੂੰਨਾਂ ਖ਼ਿਲਾਫ਼ ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਦੇ ਘਰ ਦਾ ਘਿਰਾਓ ਕਰਨ ਜਾ ਰਹੇ ਕਿਸਾਨਾਂ ਨੂੰ ਜਦੋਂ ਪੁਲੀਸ ਨੇ ਰੋਕਿਆਂ ਤਾਂ ਉਨ੍ਹਾਂ ਨੇ ਜ਼ੀਰਕਪੁਰ-ਕਾਲਕਾ ਰਾਜਮਾਰਗ ਜਾਮ ਕਰ ਦਿੱਤਾ। ਇਸ ’ਤੇ ਸਥਿਤੀ ਤਣਾਅਪੂਰਨ ਹੋ ਗਈ ਤੇ ਪੁਲੀਸ ਨੇ ਕਿਸਾਨਾਂ ’ਤੇ ਲਾਠੀਚਾਰਜ ਕਰ ਦਿੱਤਾ।