ਚੰਡੀਗੜ੍ਹ, 16 ਜੂਨ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕਾਂ ਦੇ ਗਿਲੇ ਸ਼ਿਕਵੇ ਦੂਰ ਕਰਨ ਲਈ ‘ਮਿਲਣੀ ਪ੍ਰੋਗਰਾਮ’ ਵਿੱਢਿਆ ਹੈ। ਇਸੇ ਕੜੀ ਵਿੱਚ ਮੁੱਖ ਮੰਤਰੀ ਨੇ ਅੱਜ ਬਾਅਦ ਦੁਪਹਿਰ ਦਰਜਨਾਂ ਵਿਧਾਇਕਾਂ ਨਾਲ ਸਿੱਧੀ ਗੱਲਬਾਤ ਕੀਤੀ। ਉਨ੍ਹਾਂ ਆਪਣੇ ਸਿਸਵਾਂ ਫਾਰਮ ਹਾਊਸ ’ਤੇ ਇਕੱਲੇ ਇਕੱਲੇ ਵਿਧਾਇਕ ਨਾਲ ਆਹਮੋ-ਸਾਹਮਣੇ ਬੈਠ ਕੇ ਗੱਲਬਾਤ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵੀ ਕੁਝ ਵਿਧਾਇਕ ਅਤੇ ਵਜ਼ੀਰ ਮੁੱਖ ਮੰਤਰੀ ਨੂੰ ਮਿਲੇ ਸਨ। ਭਲਕੇ ਵੀਰਵਾਰ ਨੂੰ ਵੀ ਕੁਝ ਵਿਧਾਇਕਾਂ ਨੂੰ ਸੱਦਾ ਭੇਜਿਆ ਗਿਆ ਹੈ। ਦੱਸਣਯੋਗ ਹੈ ਕਿ ਨਾਰਾਜ਼ ਵਿਧਾਇਕਾਂ ਅਤੇ ਆਗੂਆਂ ਨੇ ਨਵੀਂ ਦਿੱਲੀ ਵਿੱਚ ਤਿੰਨ ਮੈਂਬਰੀ ਕਮੇਟੀ ਅੱਗੇ ਪੇਸ਼ ਹੋਣ ਮੌਕੇ ਇਹੋ ਗਿਲਾ ਕੀਤਾ ਸੀ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣਾ ਮੁਸ਼ਕਲ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਹੁਣ ਵਿਧਾਇਕਾਂ ਦੇ ਦੁਖੜੇ ਸੁਣਨੇ ਸ਼ੁਰੂ ਕੀਤੇ ਹਨ ਤਾਂ ਜੋ ਕਾਂਗਰਸ ਹਾਈਕਮਾਨ ਨੂੰ ‘ਸਭ ਅੱਛਾ’ ਦਾ ਸੁਨੇਹਾ ਦਿੱਤਾ ਜਾ ਸਕੇ। ਅੱਜ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ। ਸੰਸਦ ਮੈਂਬਰ ਮੁਹੰਮਦ ਸਦੀਕ ਅਤੇ ਜਸਬੀਰ ਸਿੰਘ ਡਿੰਪਾ ਨੇ ਵੀ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਹੈ। ਐੱਮਪੀ ਮੁਹੰਮਦ ਸਦੀਕ ਨੇ ਕਿਹਾ ਕਿ ਉਨ੍ਹਾਂ  ਅੱਜ ਮੁੱਖ ਮੰਤਰੀ ਨਾਲ ਮੁਲਾਕਾਤ ਕਰਕੇ ਹਲਕਾ ਫਰੀਦਕੋਟ ਨਾਲ ਸਬੰਧਤ ਮਸਲੇ ਧਿਆਨ ’ਚ ਲਿਆਂਦੇ ਹਨ। ਉਨ੍ਹਾਂ ਹਲਕੇ ਲਈ ਫੰਡਾਂ ਦੀ ਮੰਗ ਵੀ ਰੱਖੀ ਹੈ, ਕਿਉਂਕਿ ਸੰਸਦੀ ਕੋਟੇ ਦੇ ਫੰਡਾਂ ਵਿਚ ਕਟੌਤੀ ਹੋ ਗਈ ਹੈ। ਮੁੱਖ ਮੰਤਰੀ ਹਰ ਹਲਕੇ ਦੀਆਂ ਮੰਗਾਂ ਅਤੇ ਸਮੱਸਿਆਵਾਂ ਬਾਰੇ ਵੀ ਜਾਣ ਰਹੇ ਹਨ ਤਾਂ ਜੋ 2022 ਚੋਣਾਂ ਦੀ ਤਿਆਰੀ ਕੀਤੀ ਜਾ ਸਕੇ। ਬਹੁਤੇ ਵਿਧਾਇਕਾਂ ਨੇ ਆਪੋ-ਆਪਣੇ ਮਸਲੇ ਹੀ ਰੱਖੇ ਹਨ। ਇਸ ਦੌਰਾਨਲਖਬੀਰ ਸਿੰਘ ਲੱਖਾ, ਹਰਦੇਵ ਸਿੰਘ ਲਾਡੀ, ਸੁਖਵਿੰਦਰ ਡੈਨੀ, ਵਿਧਾਇਕ ਰਮਿੰਦਰ ਸਿੰਘ ਆਵਲਾ ਤੋਂ ਇਲਾਵਾ ਹੋਰ ਵਿਧਾਇਕ ਵੀ ਮੁੱਖ ਮੰਤਰੀ ਨੂੰ ਮਿਲੇ। ਮੁੱਖ ਮੰਤਰੀ ਨੇ ਅੱਜ ਮੌਕੇ ’ਤੇ ਮੁਸ਼ਕਲਾਂ ਸੁਣਨ ਕਰ ਕੇ ਅਧਿਕਾਰੀਆਂ ਨੂੰ ਵਿਧਾਇਕਾਂ ਦੇ ਕੰਮ ਧੰਦਿਆਂ ਬਾਰੇ ਫੋਨ ਵੀ ਕੀਤੇ ਹਨ। ਮੁੱਖ ਮੰਤਰੀ ਨੇ ਅਫ਼ਸਰਸ਼ਾਹੀ ਨੂੰ ਹਦਾਇਤ ਕੀਤੀ ਹੈ ਕਿ ਚੁਣੇ ਪ੍ਰਤੀਨਿਧਾਂ ਨੂੰ ਮਾਣ ਸਤਿਕਾਰ ਦਿੱਤਾ ਜਾਵੇ। ਮੁੱਖ ਮੰਤਰੀ ਵਿਧਾਇਕਾਂ ਤੋਂ ਹਲਕਿਆਂ ਦੀ ਸਿਆਸੀ ਫੀਡ ਬੈਕ ਵੀ ਲੈ ਰਹੇ ਹਨ।