ਮੁੰਬਈ, 22 ਸਤੰਬਰ
ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਅੱਜ ਕਿਹਾ ਕਿ ਉਹ ਕੁਝ ਸ਼ਿਵ ਸੈਨਾ ਵਿਧਾਇਕਾਂ ਦੀ ਅਯੋਗਤਾ ਪਟੀਸ਼ਨਾਂ ਬਾਰੇ ਫ਼ੈਸਲਾ ਲੈਣ ’ਚ ਦੇਰੀ ਨਹੀਂ ਕਰਨਗੇ ਪਰ ਇਸ ਵਿੱਚ ਜਲਦਬਾਜ਼ੀ ਵੀ ਨਹੀਂ ਕਰਨਗੇ ਕਿਉਂਕਿ ਇਸ ਨਾਲ ਨਿਆਂ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ। ਲਗਜ਼ਰੀ ਰੇਲ ਗੱਡੀ ਡੈਕਨ ਓਡਿਸੀ ’ਚ ਯਾਤਰਾ ਕਰਨ ਸਮੇਂ ਨਾਰਵੇਕਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਕੋਈ ਵੀ ਫ਼ੈਸਲਾ ਸੰਵਿਧਾਨ ਅਨੁਸਾਰ ਲੈਣਗੇ। ਉਨ੍ਹਾਂ ਕਿਹਾ, ‘ਅਯੋਗਤਾ ਪਟੀਸ਼ਨਾਂ ਬਾਰੇ ਮੈਂ ਸਿਰਫ਼ ਇਹੀ ਕਹਾਂਗਾ ਕਿ ਮੈਂ ਨਾ ਤਾਂ ਕੋਈ ਦੇਰੀ ਕਰਾਂਗਾ ਤੇ ਨਾ ਹੀ ਕੋਈ ਜਲਦਬਾਜ਼ੀ ਕਿਉਂਕਿ ਅਜਿਹਾ ਕਰਨ ਨਾਲ ਨਿਆਂ ਦੀ ਪ੍ਰਕਿਰਿਆ ਪ੍ਰਭਾਵਿਤ ਹੋ ਸਕਦੀ ਹੈ।’ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿੱਚ ਏਕਨਾਥ ਸ਼ਿੰਦੇ ਦੀ ਬਗਾਵਤ ਮਗਰੋਂ ਸ਼ਿਵ ਸੈਨਾ ਦੋ ਹਿੱਸਿਆਂ ’ਚ ਵੰਡ ਗਈ ਸੀ। ਸ਼ਿੰਦੇ ਭਾਜਪਾ ਦੀ ਹਮਾਇਤ ਨਾਲ ਮੁੱਖ ਮੰਤਰੀ ਬਣ ਗਏ। ਊਧਵ ਠਾਕਰੇ ਦੀ ਅਗਵਾਈ ਹੇਠਲੇ ਧੜੇ ਨੇ ਦਲਬਦਲੀ ਰੋਕੂ ਕਾਨੂੰਨ ਤਹਿਤ ਸ਼ਿੰਦੇ ਸਮੇਤ ਕਈ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਦੀ ਮੰਗ ਕਰਦਿਆਂ ਪਟੀਸ਼ਨ ਦਾਇਰ ਕੀਤੀ ਸੀ। ਸੁਪਰੀਮ ਕੋਰਟ ਨੇ 11 ਮਈ ਨੂੰ ਵਿਧਾਨ ਸਭਾ ਸਪੀਕਰ ਨਿਰਧਾਰਤ ਸਮੇਂ ਅੰਦਰ ਅਯੋਗਤਾ ਪਟੀਸ਼ਨਾਂ ਬਾਰੇ ਫ਼ੈਸਲਾ ਲੈਣ ਦਾ ਨਿਰਦੇਸ਼ ਦਿੱਤਾ ਸੀ।