ਨਵੀਂ ਦਿੱਲੀ:ਆਈਪੀਐਲ ਚੇਅਰਮੈਨ ਬ੍ਰਿਜੇਸ਼ ਪਟੇਲ ਨੇ ਅੱਜ ਕਿਹਾ ਕਿ ਆਈਪੀਐਲ ਵਿਚ ਖੇਡ ਰਹੇ ਵਿਦੇਸ਼ੀ ਖਿਡਾਰੀਆਂ ਨੂੰ ਵਾਪਸ ਭੇਜਣ ਲਈ ਬੀਸੀਸੀਆਈ ਜਲਦੀ ਹੀ ਹੱਲ ਤਲਾਸ਼ ਲਏਗਾ। ਕੁਝ ਖਿਡਾਰੀਆਂ ਦੇ ਕਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਆਈਪੀਐਲ ਮੁਲਤਵੀ ਕਰ ਦਿੱਤਾ ਗਿਆ ਹੈ। ਇਕ ਦਿਨ ਪਹਿਲਾਂ ਹੀ ਕੁਮੈਂਟੇਟਰ ਮਿਸ਼ੇਲ ਸਲਾਟਰ ਮਾਲਦੀਵ ਚਲਾ ਗਿਆ ਸੀ ਕਿਉਂਕਿ ਆਸਟਰੇਲੀਆ ਨੇ ਭਾਰਤ ਤੋਂ ਆਉਣ ਵਾਲੇ ਆਪਣੇ ਦੇਸ਼ ਦੇ ਨਾਗਰਿਕਾਂ ’ਤੇ ਪਾਬੰਦੀ ਲਾਈ ਹੋਈ ਹੈ। ਮਿਸ਼ੇਲ ਨੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਉਹ ਆਪਣੇ ਦੇਸ਼ ਦੇ ਕ੍ਰਿਕਟ ਬੋਰਡ ਤੋਂ ਮਨਜ਼ੂਰੀ ਲੈ ਕੇ ਹੀ ਭਾਰਤ ਗਿਆ ਸੀ। ਆਸਟਰੇਲੀਅਨ ਹਰਫਨਮੌਲਾ ਗਲੈਨ ਮੈਕਸਵੈਲ ਨੇ ਵੀ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਭਾਰਤ, ਨਿਊਜ਼ੀਲੈਂਡ ਤੇ ਇੰਗਲੈਂਡ ਦੇ ਖਿਡਾਰੀਆਂ ਨਾਲ ਆਈਪੀਐਲ ਤੋਂ ਬਾਅਦ ਬਰਤਾਨੀਆ ਲਿਜਾਇਆ ਜਾਵੇ ਤਾਂ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਹੋਵੇਗਾ।