ਪੇਈਚਿੰਗ, 8 ਫਰਵਰੀ
ਚੀਨ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਵਿਦੇਸ਼ੀ ਵਿਦਿਆਰਥੀਆਂ ਦੀ ਚੀਨ ਵਿੱਚ ਵਾਪਸੀ ਲਈ ਹਰ ਸੰਭਵ ਯਤਨ ਕਰ ਰਿਹਾ ਹੈ ਪਰ ਉਹ 23 ਹਜ਼ਾਰ ਤੋਂ ਵੱਧ ਭਾਰਤੀ ਵਿਦਿਆਰਥੀਆਂ ਸਣੇ ਹੋਰਨਾਂ ਵਿਦੇਸ਼ੀ ਵਿਦਿਆਰਥੀਆਂ ਦੀ ਵਾਪਸੀ ਲਈ ਕੋਈ ਸਮਾਂ ਸੀਮਾ ਤੈਅ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਕੋਵਿਡ-19 ਵੀਜ਼ਾ ਪਾਬੰਦੀਆਂ ਕਾਰਨ ਇਹ ਵਿਦਿਆਰਥੀ ਪਿਛਲੇ ਦੋ ਸਾਲਾਂ ਤੋਂ ਚੀਨ ਨਹੀਂ ਪਰਤ ਸਕੇ ਹਨ ਤੇ ਆਪਣੇ-ਆਪਣੇ ਦੇਸ਼ਾਂ ਵਿੱਚ ਰੁਕੇ ਹੋਏ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਝਾਜੋ ਲਿਜਿਆਨ ਨੇ ਕਿਹਾ ਕਿ ਚੀਨ ਸਰਕਾਰ ਇਨ੍ਹਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਵਾਪਸ ਚੀਨ ਬੁਲਾਉਣ ਨੂੰ ਕਾਫੀ ਅਹਿਮੀਅਤ ਦੇ ਰਹੀ ਹੈ। ਚੀਨ ਸਰਕਾਰ ਨੇ ਪਿਛਲੇ ਹਫਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦੀ ਫੇਰੀ ਮੌਕੇ ਵੀ 28 ਹਜ਼ਾਰ ਪਾਕਿ ਵਿਦਿਆਰਥੀਆਂ ਦੀ ਚੀਨ ਵਾਪਸੀ ਲਈ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ।