ਨਵੀਂ ਦਿੱਲੀ, 14 ਦਸੰਬਰ

ਸਾਲ 2014 ਵਿੱਚ ਵਿਦੇਸ਼ਾਂ ਵਿੱਚ ਪਿਆ ਕਾਲਾ ਧਨ ਵਾਪਸ ਲਿਆਉਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਈ ਭਾਜਪਾ ਸਰਕਾਰ ਨੇ ਮੰਗਲਵਾਰ ਨੂੰ ਰਾਜ ਸਭਾ ਨੂੰ ਦੱਸਿਆ ਕਿ ਬੀਤੇ ਪੰਜ ਸਾਲ ਦੌਰਾਨ ਵਿਦੇਸ਼ੀ ਖਾਤਿਆਂ ਵਿੱਚ ਪੲੇ ਕਾਲੇ ਧਨ ਬਾਰੇ ਉਸ ਕੋਲ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਹਾਲਾਂਕਿ 2015 ਦੌਰਾਨ ਅਣਐਲਾਨੀ ਆਮਦਨੀ ਦੇ ਖੁਲਾਸੇ ਦੇ ਮਾਮਲੇ ਵਿੱਚ ਤਿੰਨ ਮਹੀਨੇ ਲਈ ਦਿੱਤੀ ਗਈ ਛੋਟ ਦੀ ਸਮਾਂ ਸੀਮਾ ਦੌਰਾਨ ਟੈਕਸ ਅਤੇ ਜੁਰਮਾਨੇ ਦੇ ਰੂਪ ਵਿੱਚ 2476 ਕਰੋੜ ਰੁਪਏ ਵਸੂਲੇ ਗਏ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਇਕ ਸਵਾਲ ਦੇ ਲਿਖਿਤ ਜਵਾਬ ਵਿੱਚ ਰਾਜ ਸਭਾ ਵਿੱਚ ਇਹ ਜਾਣਕਾਰੀ ਦਿੱਤੀ। ਜਵਾਬ ਅਨੁਸਾਰ ਕਾਲਾ ਧਨ(ਅਣਐਲਾਨੀ ਵਿਦੇਸ਼ੀ ਆਮਦਨੀ ਅਤੇ ਜਾਇਦਾਦ) ਟੈਕਸ ਕਾਨੂੰਨ 2015 ਤਹਿਤ ਦਿੱਤੀ, 30 ਸਤੰਬਰ 2015 ਨੂੰ ਸਮਾਪਤ ਤਿੰਨ ਮਹੀਨੇ ਦੀ ਛੋਟ ਸਕੀਮ ਦੌਰਾਨ 4,164 ਕਰੋੜ ਰੁਪਏ ਦੀ ਅਣਐਲਾਨੀ ਵਿਦੇਸ਼ੀ ਸੰਪਤੀ ਨਾਲ ਜੁੜੇ 648 ਖੁਲਾਸੇ ਕੀਤੇ ਗਏ ਸਨ। ਉਨ੍ਹਾਂ ਜਵਾਬ ਵਿੱਚ ਕਿਹਾ ਹੈ ਕਿ ਬੀਤੇ ਪੰਜ ਸਾਲ ਦੇ ਵਿਦੇਸ਼ੀ ਖਾਤਿਆਂ ਵਿੱਚ ਪਏ ਕਾਲੇ ਧਨ ਬਾਰੇ ਸਰਕਾਰ ਕੋਲ ਕੋਈ ਅਧਿਕਾਰਤ ਅੰਕੜਾ ਨਹੀਂ ਹੈ। ਹਾਲਾਂਕਿ, ਸਰਕਾਰ ਨੇ ਵਿਦੇਸ਼ਾਂ ਵਿੱਚ ਜਮ੍ਹਾਂ ਕਾਲੇ ਧਨ ਖਿਲਾਫ਼ ਕਈ ਕਦਮ ਚੁੱਕੇ ਹਨ, ਜਿਨ੍ਹਾਂ ਦੇ ਸਕਾਰਾਤਮਕ ਨਤੀਜੇ ਸਾਹਮਣੇ ਆਏ ਹਨ।