ਅੰਮ੍ਰਿਤਸਰ, 9 ਸਤੰਬਰ
ਇਥੋਂ ਦੇ ਡੀ ਏ ਵੀ ਪਬਲਿਕ ਸਕੂਲ ਦੇ ਨੌਵੀਂ ਜਮਾਤ ਦੇ ਕੁਝ ਵਿਦਿਆਰਥੀਆਂ ਵੱਲੋਂ ਸ਼ਰਾਰਤ ਨਾਲ ਸੋਸ਼ਲ ਮੀਡੀਆ ’ਤੇ ਸੁਨੇਹਾ ਅਪਲੋਡ ਕੀਤਾ ਗਿਆ ਜਿਸ ਵਿਚ ਕਿਹਾ ਗਿਆ ਕਿ ਸਕੂਲ ਨੂੰ ਬੰਬ ਨਾਲ ਉਡਾ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਪੁਲੀਸ ਤੇ ਸਕੂਲ ਅਧਿਕਾਰੀਆਂ ਰਾਤ ਭਰ ਉਲਝੇ ਰਹੇ। ਇਹ ਸੁਨੇਹਾ ਅੰਗਰੇਜ਼ੀ ਅਤੇ ਉਰਦੂ ਵਿੱਚ ਅਪਲੋਡ ਕੀਤਾ ਗਿਆ ਜਿਸ ਵਿੱਚ ਲਿਖਿਆ ਸੀ ਕਿ 8 ਸਤੰਬਰ ਨੂੰ ਸਕੂਲ ਨੂੰ ਬੰਬ ਧਮਾਕੇ ਨਾਲ ਉਡਾਇਆ ਜਾਵੇਗਾ ਤੇ ਸਕੂਲ ਵਿੱਚ ਫਾਇਰਿੰਗ ਕੀਤੀ ਜਾਵੇਗੀ। ਇਹ ਸੁਨੇਹਾ ਜਿਵੇਂ ਹੀ ਸਕੂਲ ਅਮਲੇ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਸਕੂਲ ਦੀ ਪ੍ਰਿੰਸੀਪਲ ਡਾ. ਪਲਵੀ ਸੇਠੀ ਨੂੰ ਜਾਣੂ ਕਰਾਇਆ ਜਿਨ੍ਹਾਂ ਨੇ ਰਾਤ ਨੂੰ ਹੀ ਇਸ ਬਾਰੇ ਪੁਲੀਸ ਨੂੰ ਸੂਚਿਤ ਕਰ ਦਿੱਤਾ। ਇਹ ਸੁਨੇਹਾ ਮਿਲਣ ਤੋਂ ਬਾਅਦ ਪੁਲੀਸ ਨੇ ਰਾਤ ਭਰ ਸਕੂਲ ਵਿਚ ਜਾਂਚ ਕੀਤੀ। ਪੁਲੀਸ ਨੇ ਖੋਜੀ ਕੁੱਤੇ, ਬੰਬ ਨਕਾਰਾ ਦਸਤਾ, ਕਮਾਂਡੋ ਦਸਤੇ ਆਦਿ ਰਾਹੀਂ ਜਾਂਚ ਕੀਤੀ ਤੇ ਸਕੂਲ ਨੂੰ ਆਉਣ ਜਾਣ ਵਾਲੇ ਰਾਹ ਬੰਦ ਕਰ ਦਿੱਤੇ। ਪੁਲੀਸ ਨੇ ਭਾਵੇਂ ਇਸ ਮਾਮਲੇ ਨੂੰ ਅੱਧੀ ਰਾਤ ਨੂੰ ਹੀ ਹੱਲ ਕਰ ਲਿਆ ਅਤੇ ਸੁਨੇਹਾ ਦਿੱਤਾ ਕਿ ਇਹ ਸੰਦੇਸ਼ ਮਹਿਜ਼ ਅਫ਼ਵਾਹ ਹੈ, ਇਸ ਦੇ ਬਾਵਜੂਦ ਮਾਪਿਆਂ ਵੱਲੋਂ ਡਰ ਕਾਰਨ ਅੱਜ ਬਹੁਤ ਘੱਟ ਗਿਣਤੀ ਵਿੱਚ ਬੱਚਿਆਂ ਨੂੰ ਸਕੂਲ ਭੇਜਿਆ ਗਿਆ।
ਪੁਲੀਸ ਕਮਿਸ਼ਨਰ ਅਰੁਣ ਪਾਲ ਸਿੰਘ ਨੇ ਖੁਲਾਸਾ ਕਰਦਿਆਂ ਦੱਸਿਆ ਕਿ ਇਹ ਘਟਨਾ ਸ਼ਰਾਰਤ ਦਾ ਹਿੱਸਾ ਹੈ ਜੋ ਸਕੂਲ ਦੇ ਨੌਵੀਂ ਜਮਾਤ ਦੇ ਬੱਚਿਆਂ ਵੱਲੋਂ ਕੀਤੀ ਗਈ ਸੀ। ਇਨ੍ਹਾਂ ਵਿਦਿਆਰਥੀਆਂ ਦੀ ਸ਼ਨਾਖਤ ਕਰ ਲਈ ਗਈ ਹੈ ਅਤੇ ਉਨ੍ਹਾਂ ਕੋਲੋਂ ਪੁੱਛਗਿੱਛ ਵੀ ਕੀਤੀ ਗਈ ਹੈ। ਇਹ ਬੱਚੇ ਛੋਟੀ ਉਮਰ ਦੇ ਹਨ ਅਤੇ ਇਨ੍ਹਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਅਤੇ ਇਨ੍ਹਾਂ ਦੇ ਮਾਪਿਆਂ ਨੂੰ ਚਿਤਾਵਨੀ ਦਿੱਤੀ ਹੈ ਤੇ ਬੱਚਿਆਂ ਨੂੰ ਛੱਡ ਦਿੱਤਾ ਗਿਆ ਹੈ।