ਚੰਡੀਗੜ•, 10 ਅਕਤੂਬਰ

ਪੰਜਾਬ ਵਿਜੀਲੈਂਸ ਬਿਊਰੋ ਨੇ ਸਕੂਲ ਦੇ ਹੈੱਡ ਮਾਸਟਰ ਅਤੇ ਸਕੂਲ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਖਿਲਾਫ਼ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਫੰਡਾਂ ਵਿੱਚ ਹੇਰਾ-ਫੇਰੀ ਕਰਨ ਦਾ ਮਾਮਲਾ ਦਰਜ ਕੀਤਾ ਹੈ।

ਇਸ ਬਾਰੇ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਹੈੱਡ ਮਾਸਟਰ ਸੰਦੀਪ ਕੁਮਾਰ ਛਾਬੜਾ ਅਤੇ ਨੈਸ਼ਨਲ ਮਾਡਲ ਮਿਡਲ ਸਕੂਲ, ਪੱਟੀ, ਜ਼ਿਲ੍ਹਾ ਤਰਨ ਤਾਰਨ ਦੀ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਵੀਨਾ ਕੁਮਾਰੀ ਨੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਸਕੂਲ ਛੱਡ ਚੁੱਕੇ ਅਧਿਆਪਕਾਂ ਦੇ ਨਾਂਅ ‘ਤੇ ਜਾਅਲੀ ਬੈਂਕ ਖ਼ਾਤੇ ਖੁਲਵਾਏ ਹੋਏ ਸਨ।

ਉਨਾ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਸੰਦੀਪ ਕੁਮਾਰ ਛਾਬੜਾ ਗੈਰ ਕਾਨੂੰਨੀ ਢੰਗ ਨਾਲ ਕਮਾਏ ਇਸ ਪੈਸੇ ਨੂੰ ਚੈੱਕਾਂ ਜ਼ਰੀਏ ਆਪਣੇ ਬੈਂਕ ਖਾਤੇ ਵਿੱਚ ਤਬਦੀਲ ਕਰਦਾ ਸੀ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਅਧਿਕਾਰੀ ਕਮ ਪ੍ਰਿਸੀਪਲ ਹਰਭਗਵੰਤ ਸਿੰਘ, ਜੋ ਕਿ ਡੀ.ਆਈ.ਈ.ਟੀ. (ਡਾਈਟ) ਵੇਰਕਾ, ਅੰਮ੍ਰਿਤਸਰ ਵਿਖੇ ਤੈਨਾਤ ਹਨ, ਨੇ ਇਸ ਸਕੂਲ ਦੀ ਜਾਂਚ ਕੀਤੀ ਅਤੇ ਜਾਂਚ ਦੌਰਾਨ ਸਕੂਲ ਸਟਾਫ਼ ਨੂੰ ਤਨਖ਼ਾਹਾਂ ਦੇਣ ਅਤੇ ਕਢਵਾਉਣ ਸਬੰਧੀ ਕਈ ਊਣਤਾਈਆਂ ਪਾਈਆਂ ਗਈਆਂ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਪਾਸੋਂ ਪ੍ਰਾਪਤ ਪੜਤਾਲੀਆ ਰਿਪੋਰ ਦੇ ਅਧਾਰ ਉਤੇ ਵਿਜੀਲੈਂਸ ਬਿਊਰੋ ਨੇ ਮੁਲਜ਼ਮ ਹੈੱਡ ਮਾਸਟਰ ਸੰਦੀਪ ਕੁਮਾਰ ਛਾਬੜਾ ਅਤੇ ਸਕੂਲ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀਨਾ ਕੁਮਾਰੀ ਸਮੇਤ ਵੱਖ ਵੱਖ ਸਮੇਂ ‘ਤੇ ਇਸ ਸਕੂਲ ਵਿੱਚ ਤੈਨਾਤ ਰਹੇ ਪ੍ਰਿਸੀਪਲ ਅਤੇ ਸਾਬਕਾ ਮੈਂਬਰਾਂ ਤੋਂ ਇਲਾਵਾ ਕੇਂਦਰੀ ਸਹਿਕਾਰੀ ਬੈਂਕ, ਤਰਨ ਤਾਰਨ ਦੇ ਕਰਮਚਾਰੀਆਂ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਉਨਾਂ ਦੱਸਿਆ ਕਿ ਸਰਕਾਰੀ ਫੰਡਾਂ ਵਿੱਚ ਹੇਰਾ-ਫੇਰੀ ਕਰਨ ਦੇ ਦੋਸ਼ਾਂ ਹੇਠ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਵਿਖੇ ਧਾਰਾ 409, 420, 465, 467, 468, 471, ਆਈ.ਪੀ.ਸੀ. ਦੀ ਧਾਰਾ 120-ਬੀ ਅਤੇ ਪੀ.ਸੀ. ਐਕਟ 1988 ਦੀ ਧਾਰਾ 13 (1) ਏ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਅਗਲੇਰੀ ਜਾਂਚ ਕਾਰਵਾਈ ਅਧੀਨ ਹੈ।