ਬਠਿੰਡਾ, 29 ਜੁਲਾਈ

ਵਿਜੀਲੈਂਸ ਨੇ ਅੱਜ ਇੱਥੇ ਆਪਣੇ ਦਫ਼ਤਰ ਵਿੱਚ ਸਾਬਕਾ ਮਾਲ ਮੰਤਰੀ ਅਤੇ ਮੌਜੂਦਾ ਸਮੇਂ ਭਾਜਪਾ ਦੇ ਸੂਬਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ 4:30 ਘੰਟੇ ਦੇ ਕਰੀਬ ਪੁੱਛ-ਪੜਤਾਲ ਕੀਤੀ। ਉਨ੍ਹਾਂ ਕੋਲੋਂ ਅਬੋਹਰ ਖੇਤਰ ਵਿਚਲੀ 200 ਏਕੜ ਜ਼ਮੀਨ ਬਾਰੇ ਵੀ ਪੁੱਛ-ਪੜਤਾਲ ਕੀਤੀ ਗਈ। ਕਾਂਗੜ ਸਰੋਤਾਂ ਤੋਂ ਵੱਧ ਜਾਇਦਾਦ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੀ ਸੁਣਵਾਈ ਦੌਰਾਨ ਵਿਜੀਲੈਂਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਇੱਕ ਪ੍ਰੋਫਾਰਮਾ ਸੌਂਪਿਆ ਸੀ, ਜੋ ਅੱਜ ਭਰ ਕੇ ਉਨ੍ਹਾਂ ਵਿਜੀਲੈਂਸ ਨੂੰ ਸੌਂਪ ਦਿੱਤਾ ਹੈ।

ਕਾਂਗੜ ਨੇ ਦਾਅਵਾ ਕੀਤਾ ਕਿ ਵਿਜੀਲੈਂਸ ਵੱਲੋਂ ਜੋ ਕੁਝ ਉਨ੍ਹਾਂ ਕੋਲੋਂ ਪੁੱਛਿਆ ਗਿਆ ਸੀ, ਉਹ ਉਨ੍ਹਾਂ ਦੱਸ ਦਿੱਤਾ ਹੈ। ਅੱਗੇ ਸਭ ਕੁਝ ਵਿਜੀਲੈਂਸ ਹੱਥ ਹੈ। ਕਾਂਗੜ ਨੇ ਕਿਹਾ ਕਿ ਉਨ੍ਹਾਂ ਨੂੰ ਸਿਆਸਤ ਤੋਂ ਪ੍ਰੇਰਿਤ ਹੋ ਕਿ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਪੁੱਛ-ਪੜਤਾਲ ਦੌਰਾਨ ਉਨ੍ਹਾਂ ਕੋਲੋਂ ਨਵੀਂ ਖਰੀਦੀ ਅਤੇ ਵੇਚੀ ਗਈ ਜਾਇਦਾਦ ਬਾਰੇ ਪੁੱਛਿਆ ਗਿਆ, ਜਿਸ ਬਾਰੇ ਉਨ੍ਹਾਂ ਸਾਰਾ ਕੁਝ ਦੱਸ ਦਿੱਤਾ।

ਭਾਜਪਾ ਆਗੂ ਨੇ ਕਿਹਾ ਕਿ ਉਨ੍ਹਾਂ ਕੋਲੋਂ ਬਿਨਾਂ ਤੁਕ ਦੇ ਸਵਾਲ ਪੁੱਛੇ ਗਏ। ਉਨ੍ਹਾਂ ਕਿਹਾ ਕਿ ਵਿਜੀਲੈਂਸ ਟੀਮ ਕਿਸੇ ਗੁਮਨਾਮ ਚਿੱਠੀ ਬਾਰੇ ਝੂਠਾ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਕੋਲ ਅਬੋਹਰ ਖੇਤਰ ਵਿੱਚ 200 ਏਕੜ ਜ਼ਮੀਨ ਹੈ। ਉਨ੍ਹਾਂ ਕਿਹਾ ਕਿ ਜੇ ਅਜਿਹਾ ਹੈ ਤਾਂ ਇਹ ਜ਼ਮੀਨ ਮੇਰੇ ਨਾਮ ਕਰਵਾਈ ਜਾਵੇ। ਕਾਂਗੜ ਨੇ ਕਿਹਾ ਕਿ ਵਿਜੀਲੈਂਸ ਅੱਗੇ ਇਹ ਉਨ੍ਹਾਂ ਦੀ ਛੇਵੀਂ ਪੇਸ਼ੀ ਹੈ। ਜੇ ਸਹੀ ਅਫ਼ਸਰ ਵੱਲੋਂ ਜਾਂਚ ਕੀਤੀ ਗਈ ਤਾਂ ਉਹ ਬੇਕਸੂਰ ਸਾਬਤ ਹੋਣਗੇ।