ਚੰਡੀਗੜ੍ਹ, 3 ਜੂਨ
ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਸੂਬੇ ਦੇ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੇ ਅਸਾਸਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਇਸ ਸਮੇਂ 12 ਤੋਂ ਵੱਧ ਆਈਏਐੱਸ, ਆਈਪੀਐੱਸ, ਪੀਸੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਵਿਰੁੱਧ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਚਾਰ ਸੇਵਾਮੁਕਤ ਅਧਿਕਾਰੀ ਵੀ ਹਨ ਜਦਕਿ ਬਾਕੀ ਸੇਵਾ ਨਿਭਾਅ ਰਹੇ ਹਨ। ਇਹ ਜਾਂਚ ਵਿਜੀਲੈਂਸ ਦੇ ਫਲਾਇੰਗ ਸਕੁਐਡ ਤੇ ਆਰਥਿਕ ਅਪਰਾਧ ਸ਼ਾਖਾ ਸਮੇਤ ਜ਼ਿਲ੍ਹਾ ਵਿਜੀਲੈਂਸ ਵਿੰਗ ਵਿੱਚ ਤਾਇਨਾਤ ਅਧਿਕਾਰੀਆਂ ਵੱਲੋਂ ਕੀਤੀ ਜਾ ਰਹੀ ਹੈ।ਵਿਜੀਲੈਂਸ ਅਧਿਕਾਰੀਆਂ ਦਾ ਦੱਸਣਾ ਹੈ ਕਿ ਵੱਢੀ ਲੈਂਦਿਆਂ ਫੜੇ ਜਾਣ ਜਾਂ ਭ੍ਰਿਸ਼ਟਾਚਾਰ ਦੇ ਮਾਮਲਿਆਂ ਤੋਂ ਬਾਅਦ ਤਾਂ ਕਈ ਅਧਿਕਾਰੀਆਂ ਜਿਵੇਂ ਕਿ ਸੰਜੈ ਪੋਪਲੀ ਅਤੇ ਅਸ਼ੀਸ਼ ਕੁਮਾਰ ਆਦਿ ਵਿਰੁੱਧ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਪੜਤਾਲ ਸ਼ੁਰੂ ਕੀਤੀ ਹੀ ਗਈ ਹੈ ਪਰ ਜਿਨ੍ਹਾਂ ਅਧਿਕਾਰੀਆਂ ਵੱਲੋਂ ਬੇਅਥਾਹ ਸੰਪਤੀ ਬਣਾਈ ਗਈ ਹੈ, ਅਜਿਹੇ ਅਧਿਕਾਰੀਆਂ ਖਿਲਾਫ਼ ਸੋਰਸ ਰਿਪੋਰਟਾਂ ਦੇ ਆਧਾਰ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਵਿਜੀਲੈਂਸ ਦੇ ਤਫ਼ਤੀਸ਼ੀ ਅਫਸਰ ਨੇ ਦੱਸਿਆ ਕਿ ਆਈਏਐੱਸ, ਆਈਪੀਐੱਸ, ਪੀਸੀਐੱਸ ਅਤੇ ਪੀਪੀਐੱਸ ਅਧਿਕਾਰੀਆਂ ਵੱਲੋਂ ਸ਼ਿਵਾਲਿਕ ਦੀਆਂ ਪਹਾੜੀਆਂ ਦੀਆਂ ਜੜ੍ਹਾਂ ’ਚ ਆਲੀਸ਼ਾਨ ਫਾਰਮ ਹਾਊਸ ਬਣਾਉਣ ਦੇ ਤੱਥ ਇਕੱਤਰ ਕੀਤੇ ਗਏ ਹਨ ਤੇ ਇਨ੍ਹਾਂ ਅਧਿਕਾਰੀਆਂ ਦੀ ਸੰਪਤੀ ਨੂੰ ਜਾਂਚ ਦਾ ਆਧਾਰ ਬਣਾਇਆ ਗਿਆ ਹੈ। ਇਨ੍ਹਾਂ ਅਧਿਕਾਰੀਆਂ ਵੱਲੋਂ ਮੁਹਾਲੀ, ਖ਼ਰੜ, ਜ਼ੀਰਕਪੁਰ, ਡੇਰਾਬੱਸੀ ਵਿੱਚ ਪ੍ਰਾਈਵੇਟ ਬਿਲਡਰਾਂ ਨਾਲ ਮਿਲੀਭੁਗਤ ਕਰਕੇ ਪੂੰਜੀ ਨਿਵੇਸ਼ ਕੀਤਾ ਹੋਇਆ ਹੈ। ਇਨ੍ਹਾਂ ਅਧਿਕਾਰੀਆਂ ਵੱਲੋਂ ਆਪਣੇ ਜੀਵਨ ਸਾਥੀਆਂ, ਬੱਚਿਆਂ, ਮਾਤਾ ਪਿਤਾ ਜਾਂ ਹੋਰਨਾਂ ਅਜਿਹੇ ਰਿਸ਼ਤੇਦਾਰਾਂ ਦੇ ਨਾਮ ’ਤੇ ਜਾਇਦਾਦਾਂ ਖਰੀਦੀਆਂ ਗਈਆਂ ਹਨ। ਇਨ੍ਹਾਂ ਮਾਮਲਿਆਂ ਵਿੱਚ ਬਿਲਡਰਾਂ ਨੂੰ ਵੀ ਜਾਂਚ ’ਚ ਸ਼ਾਮਲ ਕੀਤਾ ਜਾ ਰਿਹਾ ਹੈ। ਸੂਤਰਾਂ ਦਾ ਦੱਸਣਾ ਹੈ ਕਿ ਵਿਜੀਲੈਂਸ ਨੇ ਪਿਛਲੇ 15 ਸਾਲਾਂ ਦੌਰਾਨ ਅਹਿਮ ਅਹੁਦਿਆਂ ’ਤੇ ਤਾਇਨਾਤ ਰਹੇ ਅਤੇ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਚਰਚਿਤ ਸਿਵਲ ਅਤੇ ਪੁਲੀਸ ਅਧਿਕਾਰੀਆਂ ਦੀ ਸੰਪਤੀ ਤੇ ਹੋਰਨਾਂ ਅਸਾਸਿਆਂ ਨੂੰ ਜਾਂਚ ਦਾ ਆਧਾਰ ਬਣਾਇਆ ਹੈ। ਇਨ੍ਹਾਂ ਵਿੱਚ ਕਈ ਅਧਿਕਾਰੀ ਬਾਦਲ ਪਰਿਵਾਰ ਅਤੇ ਕਾਂਗਰਸ ਦੇ ਬੇਹੱਦ ਕਰੀਬੀ ਵੀ ਰਹੇ ਹਨ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 8 ਦੇ ਕਰੀਬ ਅਧਿਕਾਰੀਆਂ ਨੂੰ ਤਾਂ ਵਿਜੀਲੈਂਸ ਦੇ ਤਫ਼ਤੀਸ਼ੀ ਅਧਿਕਾਰੀਆਂ ਨੇ ਪੜਤਾਲ ਨਾਲ ਸਬੰਧਤ ਪ੍ਰੋਫਾਰਮੇ ਭਰਨ ਦੀ ਹਦਾਇਤ ਕੀਤੀ ਹੈ। ਅਧਿਕਾਰੀਆਂ ਤੋਂ ਪਿਛਲੇ ਸਮੇਂ ਦੌਰਾਨ ਵਿਦੇਸ਼ ਦੌਰਿਆਂ ਦਾ ਖ਼ਰਚ ਅਤੇ ਹੋਰ ਵੇਰਵੇ ਵੀ ਮੰਗੇ ਹਨ। ਵਿਜੀਲੈਂਸ ਨੇ ਇਨ੍ਹਾਂ ਅਧਿਕਾਰੀਆਂ ਤੋਂ ਆਪਣੇ ਜਾਂ ਪਰਿਵਾਰਕ ਮੈਂਬਰਾਂ ਦੇ ਨਾਮ ’ਤੇ ਖਰੀਦੀ ਗਈ ਸੰਪਤੀ ਅਤੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਦੇ ਵੇਰਵੇ ਮੰਗੇ ਹਨ।