ਮੁੰਬਈ:ਵਿਕਰਾਂਤ ਮੈਸੀ ਤੇ ਸਾਨੀਆ ਮਲਹੋਤਰਾ ਦੀ ਫ਼ਿਲਮ ‘ਲਵ ਹੋਸਟਲ’ ਤਿਆਰ ਹੈ ਤੇ ਇਹ ਓਟੀਟੀ ਪਲੇਟਫਾਰਮ ’ਤੇ 25 ਫਰਵਰੀ ਨੂੰ ਰਿਲੀਜ਼ ਹੋਵੇਗੀ। ਇਸ ਫ਼ਿਲਮ ਵਿੱਚ ਬੌਬੀ ਦਿਓਲ ਵੀ ਦਿਖਾਈ ਦੇਵੇਗਾ। ਇਹ ਫ਼ਿਲਮ ਸ਼ੰਕਰ ਰਮਨ ਵੱਲੋਂ ਲਿਖੀ ਕਹਾਣੀ ’ਤੇ ਆਧਾਰਿਤ ਹੈ ਤੇ ਇਸ ਦੇ ਨਿਰਦੇਸ਼ਕ ਵੀ ਉਹ ਆਪ ਹੀ ਹੋਣਗੇ। ਇਸ ਫ਼ਿਲਮ ਵਿੱਚ ਵਿਕਰਾਂਤ ਅਤੇ ਸਾਨੀਆ ਨੌਜਵਾਨ ਜੋੜੇ ਦਾ ਕਿਰਦਾਰ ਨਿਭਾਅ ਰਹੇ ਹਨ, ਜਿਨ੍ਹਾਂ ਦਾ ਬਦਮਾਸ਼ਾਂ ਵੱਲੋਂ ਪਿੱਛਾ ਕੀਤਾ ਜਾਂਦਾ ਹੈ। ਇਸ ਫ਼ਿਲਮ ਦੀ ਸ਼ੂਟਿੰਗ ਉੱਤਰੀ ਭਾਰਤ ਦੇ ਪੇਂਡੂ ਖੇਤਰਾਂ ਵਿਚ ਕੀਤੀ ਗਈ ਹੈ। ‘ਲਵ ਹੋਸਟਲ’ ਫਿਲਮ ਉਮੀਦ ਤੇ ਜਾਨ ਬਚਾਉਣ ਲਈ ਕੀਤੇ ਗਏ ਯਤਨਾਂ ਨੂੰ ਦਿਖਾਉਂਦੀ ਹੈ ਜਿਥੇ ਤਾਕਤ ਅਤੇ ਪੈਸਾ ਤਬਾਹੀ ਅਤੇ ਖੂਨ-ਖਰਾਬੇ ਦਾ ਕਾਰਨ ਬਣਦਾ ਹੈ। ਫਿਲਮ ਬਾਰੇ ਗੱਲ ਕਰਦਿਆਂ ਰਮਨ ਨੇ ਕਿਹਾ ਕਿ ਇਹ ਜੋੜਾ ਪਿਆਰ ਲਈ ਜਾਨ ਜ਼ੋਖ਼ਮ ਵਿਚ ਪਾ ਦਿੰਦਾ ਹੈ ਤੇ ਸਫ਼ਲ ਫਿਲਮ ਬਣਾਉਣੀ ਅਦਾਕਾਰਾਂ ਅਤੇ ਟੀਮ ਦੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਸੀ। ਰੈੱਡ ਚਿਲੀਜ਼ ਐਂਟਰਟੇਨਮੈਂਟ ਦੇ ਸੀਈਓ ਗੌਰਵ ਵਰਮਾ ਨੇ ਦੱਸਿਆ ਕਿ ਸ਼ੰਕਰ ਵੱਡੇ ਦਿਲ ਵਾਲਾ ਫ਼ਿਲਮ ਨਿਰਮਾਤਾ ਹੈ ਅਤੇ ਉਨ੍ਹਾਂ ਨੂੰ ਇਸ ਫਿਲਮ ’ਤੇ ਮਾਣ ਹੈ। ਗੌਰੀ ਖਾਨ, ਮਨੀਸ਼ ਮੁੰਦੜਾ ਅਤੇ ਗੌਰਵ ਵਰਮਾ ਦੁਆਰਾ ਬਣਾਈ ਇਹ ਫਿਲਮ ਜ਼ੀ5 ’ਤੇ ਰਿਲੀਜ਼ ਹੋਵੇਗੀ।