ਵੈਨਕੂਵਰ, 22 ਅਗਸਤ : ਸ਼ਨਿੱਚਰਵਾਰ ਰਾਤ ਨੂੰ ਪੱਛਮੀ ਵੈਨਕੂਵਰ ਵਿੱਚ ਇੱਕ ਵਿਆਹ ਸਮਾਰੋਹ ਵਿੱਚ ਇੱਕ ਮਹਿਲਾ ਵੱਲੋਂ ਗੱਡੀ ਲੋਕਾਂ ਉੱਤੇ ਚੜ੍ਹਾ ਦਿੱਤੇ ਜਾਣ ਕਾਰਨ ਦਸ ਵਿਅਕਤੀ ਜ਼ਖ਼ਮੀ ਹੋ ਗਏ ਜਦਕਿ ਦੋ ਦੀ ਮੌਤ ਹੋ ਗਈ।
ਬੀਸੀ ਐਮਰਜੰਸੀ ਹੈਲਥ ਸਰਵਿਸਿਜ਼ ਅਨੁਸਾਰ ਇਹ ਘਟਨਾ ਰਾਤੀਂ 6:10 ਉੱਤੇ ਵਾਪਰੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਤੋਂ ਬਾਅਦ ਕੀਥ ਰੋਡ ਉੱਤੇ 11 ਐਂਬੂਲੈਂਸਾਂ ਭੇਜੀਆਂ ਗਈਆਂ ਤੇ ਇੱਕ ਏਅਰ ਐਂਬੂਲੈਂਸ ਵੀ ਭੇਜੀ ਗਈ।ਈਐਚਐਸ ਨੇ ਆਖਿਆ ਕਿ ਦਸ ਮਰੀਜ਼ਾਂ ਨੂੰ ਹਸਪਤਾਲ ਲਿਜਾਇਆ ਗਿਆ। ਦੋ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਜਦਕਿ ਤਿੰਨ ਦੀ ਹਾਲਤ ਗੰਭੀਰ ਹੈ ਤੇ ਪੰਜ ਦੀ ਸਥਿਤੀ ਸਥਿਰ ਹੈ।
ਵੈਸਟ ਵੈਨਕੂਵਰ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਕਿ ਇਹ ਘਟਨਾ ਦੋ ਪ੍ਰਾਪਰਟੀਜ਼ ਦਰਮਿਆਨ ਇੱਕ ਸਾਂਝੇ ਡਰਾਈਵ-ਵੇਅ ਉੱਤੇ ਵਾਪਰੀ। ਡਰਾਈਵਰ, ਜੋ ਕਿ 60 ਸਾਲਾ ਮਹਿਲਾ ਸੀ, ਗੱਡੀ ਨੂੰ ਡਰਾਈਵ-ਵੇਅ ਤੋਂ ਹਟਾਉਣ ਦੀ ਕੋਸਿ਼ਸ਼ ਕਰ ਰਹੀ ਸੀ ਜਦੋਂ ਉਸ ਤੋਂ ਐਕਸੇਲੇਟਰ ਦੱਬਿਆ ਗਿਆ ਤੇ ਗੱਡੀ ਲੋਕਾਂ ਉੱਤੇ ਜਾ ਚੜ੍ਹੀ।ਪੁਲਿਸ ਨੇ ਦੱਸਿਆ ਕਿ ਹਸਪਤਾਲ ਲਿਜਾਏ ਗਏ ਲੋਕਾਂ ਵਿੱਚੋਂ ਡਰਾਈਵਰ ਵੀ ਇੱਕ ਸੀ। ਐਤਵਾਰ ਨੂੰ ਉਹ ਪੁਲਿਸ ਹਿਰਾਸਤ ਵਿੱਚ ਨਹੀਂ ਸੀ।
ਪੁਲਿਸ ਨੇ ਦੱਸਿਆ ਕਿ ਜਾਂਚ ਅਜੇ ਮੁੱਢਲੇ ਪੜਾਅ ਵਿੱਚ ਹੈ ਤੇ ਅਜੇ ਇਹ ਨਹੀਂ ਆਖਿਆ ਜਾ ਸਕਦਾ ਕਿ ਉਸ ਮਹਿਲਾ ਉੱਤੇ ਕੋਈ ਚਾਰਜਿਜ਼ ਲੱਗਣਗੇ ਜਾਂ ਨਹੀਂ।ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।