ਜਲਾਲਾਬਾਦ, 12 ਸਤੰਬਰ

ਪਿੰਡ ਚੱਕ ਟਾਹਲੀ ਵਾਲਾ ਵਿੱਚ ਇਕ ਘਰ ’ਚ ਚੱਲ ਰਿਹਾ ਵਿਆਹ ਦਾ ਜਸ਼ਨ ਉਸ ਸਮੇਂ ਨਮੋਸ਼ੀ ਵਿੱਚ ਬਦਲ ਗਿਆ ਜਦੋਂ ਵਿਆਹ ਕਰਵਾ ਰਹੇ ਲਾੜੇ ਦੀ ਪ੍ਰੇਮਿਕਾ ਆਪਣੇ ਰਿਸ਼ਤੇਦਾਰਾਂ ਨੂੰ ਲੈ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਈ ਅਤੇ ਆਉਂਦੇ ਸਾਰ ਲਾੜੇ ਤੇ ਬਰਾਤੀਆਂ ਦੀ ਕੁੱਟਮਾਰ ਸ਼ੁਰੂ ਕਰ ਦਿੱਤੀ।

ਮਿਲੀ ਜਾਣਕਾਰੀ ਅਨੁਸਾਰ ਵਕੀਲ ਸਿੰਘ ਨਾਮ ਦਾ ਵਿਅਕਤੀ ਆਪਣੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਸਮੇਤ ਵਿਆਹ ਕਰਵਾਉਣ ਲਈ ਪਿੰਡ ਚੱਕ ਟਾਹਲੀਵਾਲਾ ਵਿੱਚ ਪੁੱਜਿਆ। ਵਿਆਹ ਦੀਆਂ ਰਸਮਾਂ ਸ਼ੁਰੂ ਹੁੰਦੇ ਹੀ ਲਾੜੇ ਦੀ ਪ੍ਰੇਮਿਕਾ ਵੀ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਉੱਥੇ ਪੁੱਜ ਗਈ ਤੇ ਉਸ ਨੇ ਖਾਸਾ ਹੰਗਾਮਾ ਕੀਤਾ। ਇਸ ਦੌਰਾਨ ਬਰਾਤੀ ਹੱਥਾਂ ਵਿੱਚ ਮਠਿਆਈ ਵਾਲੀਆਂ ਪਲੇਟਾਂ ਲੈ ਕੇ ਦੌੜਦੇ ਨਜ਼ਰ ਆਏ। ਇਸ ਮੌਕੇ ਦੋਹਾਂ ਧਿਰਾਂ ਦੀਆਂ ਔਰਤਾਂ ਵਿਚਾਲੇ ਘਸੁੰਨ-ਮੁੱਕੇ ਚੱਲੇ ਤੇ ਵਾਲ ਵੀ ਪੁੱਟੇ ਗਏ। ਘਟਨਾ ਦੀ ਜਾਣਕਾਰੀ ਚੌਕੀ ਘੁਬਾਇਆ ਦੀ ਪੁਲੀਸ ਨੂੰ ਮਿਲਣ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲੀਸ ਨੇ ਮਾਮਲਾ ਸ਼ਾਂਤ ਕਰਵਾਇਆ।

ਲਾੜੇ ਦੀ ਪ੍ਰੇਮਿਕਾ ਨੇ ਦੱਸਿਆ ਕਿ ਵਕੀਲ ਦੇ ਉਸ ਨਾਲ ਪਿਛਲੇ ਤਿੰਨ ਸਾਲ ਤੋਂ ਪ੍ਰੇਮ ਸਬੰਧ ਸਨ ਅਤੇ ਉਸ ਨੇ ਪ੍ਰੇਮਿਕਾ ਦੇ ਦੋ-ਢਾਈ ਲੱਖ ਰੁਪਏ ਵੀ ਹੜੱਪ ਲਏ ਤੇ ਹੁਣ ਤੱਕ ਵਿਆਹ ਕਰਵਾਉਣ ਦਾ ਲਾਰਾ ਲਾਉਂਦਾ ਰਿਹਾ। ਇਸ ਤੋਂ ਬਾਅਦ ਉਸ ਨੂੰ ਅੱਜ ਪਤਾ ਲੱਗਿਆ ਕਿ ਉਸ ਦਾ ਪ੍ਰੇਮੀ ਪਿੰਡ ਚੱਕ ਟਾਹਲੀ ਵਾਲਾ ਵਿੱਚ ਇਕ ਲੜਕੀ ਨਾਲ ਵਿਆਹ ਕਰਵਾ ਰਿਹਾ ਹੈ ਜਿਸ ਕਰ ਕੇ ਉਹ ਰਿਸ਼ਤੇਦਾਰਾਂ ਸਣੇ ਇੱਥੇ ਪੁੱਜੀ। ਦੂਜੇ ਪਾਸੇ ਲਾੜੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਵਿਚੋਲਿਆਂ ਨੇ ਮੁੰਡੇ ਦੇ ਕੁਆਰਾ ਹੋਣ ਦੀ ਗੱਲ ਕਹਿ ਕੇ ਰਿਸ਼ਤਾ ਕਰਵਾਇਆ ਸੀ। ਅੱਜ ਉਨ੍ਹਾਂ ਵੱਲੋਂ ਬੋਲਿਆ ਝੂਠ ਤੇ ਸਚਾਈ ਸਾਹਮਣੇ ਆ ਗਈ ਹੈ। ਉਨ੍ਹਾਂ ਪੁਲੀਸ ਦੇ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਕਿ ਅਜਿਹਾ ਕਰਨ ਵਾਲੇ ਲਾੜੇ ਸਣੇ ਵਿਚੋਲਿਆਂ ਖ਼ਿਲਾਫ਼ ਵੀ ਸਖਤ ਕਰਵਾਈ ਕਰ ਕੇ ਉਨ੍ਹਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਧਰ, ਪੁਲੀਸ ਚੌਕੀ ਘੁਬਾਇਆ ਦੇ ਇੰਚਰਾਜ ਹਰਦੇਵ ਸਿੰਘ ਬੇਦੀ ਨੇ ਕਿਹਾ ਕਿ ਜਦੋਂ ਪੁਲੀਸ ਮੌਕੇ ’ਤੇ ਪੁੱਜੀ ਤਾਂ ਦੋਵੇ ਧਿਰਾਂ ਦਾ ਝਗੜਾ ਹੋ ਰਿਹਾ ਸੀ ਤੇ ਪੁਲੀਸ ਪਾਰਟੀ ਨੇ ਮੌਕੇ ’ਤੇ ਪੁੱਜ ਕੇ ਸਥਿਤੀ ’ਤੇ ਕਾਬੂ ਪਾਇਆ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।