ਭਿਵਾਨੀ, 9 ਅਗਸਤ
ਏਸ਼ਿਆਈ ਤੇ ਕੌਮਾਂਤਰੀ ਪੱਧਰ ’ਤੇ ਕੁਸ਼ਤੀ ’ਚ ਕਈ ਤਗ਼ਮੇ ਜਿੱਤ ਚੁੱਕੀਆਂ ਫੋਗਾਟ ਭੈਣਾਂ ’ਚੋਂ ਤੀਜੇ ਨੰਬਰ ਦੀ ਸੰਗੀਤਾ ਫੋਗਾਟ ਦੁਨੀਆਂ ਦੇ ਨੰਬਰ ਇੱਕ ਪਹਿਲਵਾਨ ਬਜਰੰਗ ਪੂਨੀਆ ਨਾਲ ਵਿਆਹ ਕਰੇਗੀ। ਸੰਗੀਤਾ 59 ਕਿਲੋ ਭਾਰ ਵਰਗ ’ਚ ਕੌਮੀ ਚੈਂਪੀਅਨ ਰਹਿ ਚੁੱਕੀ ਹੈ। ਦੋਵਾਂ ਪਹਿਲਵਾਨਾਂ ਦੇ ਰਿਸ਼ਤੇ ਨੂੰ ਉਨ੍ਹਾਂ ਦੇ ਪਰਿਵਾਰਾਂ ਵੱਲੋਂ ਸਹਿਮਤੀ ਦਿੱਤੀ ਜਾ ਚੁੱਕੀ ਹੈ। ਸੰਗੀਤਾ ਫੋਗਾਟ ਤੇ ਬਜਰੰਗ ਪੂਨੀਆ ਦੇ ਰਿਸ਼ਤੇ ਦੀ ਫੋਗਾਟ ਭੈਣਾਂ ਦੇ ਪਿਤਾ ਮਹਾਵੀਰ ਫੋਗਾਟ ਨੇ ਪੁਸ਼ਟੀ ਕੀਤੀ ਹੈ।
ਮੰਨਿਆ ਜਾ ਰਿਹਾ ਹੈ ਕਿ ਸਾਲ 2020 ’ਚ ਹੋਣ ਵਾਲੀਆ ਟੋਕੀਓ ਓਲੰਪਿਕਸ ਤੋਂ ਬਾਅਦ ਦੋਵੇਂ ਵਿਆਹ ਕਰ ਸਕਦੇ ਹਨ। ਸੰਗੀਤਾ ਦੀ ਵੱਡੀ ਭੈਣ ਬਬੀਤਾ ਫੋਗਾਟ ਦਾ ਵੀ ਪਹਿਲਵਾਨ ਵਿਵੇਕ ਸੁਹਾਗ ਨਾਲ ਰਿਸ਼ਤਾ ਪੱਕਾ ਹੋ ਚੁੱਕਾ ਹੈ। ਬਜਰੰਗ ਇਸ ਸਮੇਂ ਓਲੰਪਿਕ ਦੀਆਂ ਤਿਆਰੀਆਂ ’ਚ ਲੱਗਾ ਹੋਇਆ ਹੈ ਅਤੇ ਸੰਗੀਤਾ ਫਿਲਹਾਲ ਕੌਮੀ ਕੈਂਂਪ ’ਚ ਹੈ ਤੇ ਸੱਟ ਤੋਂ ਉਭਰ ਰਹੀ ਹੈ। ਉਨ੍ਹਾਂ ਦੇ ਵਿਆਹ ਦੀ ਖ਼ਬਰ ਦੀ ਸੰਗੀਤਾ ਦੇ ਪਿਤਾ ਤੇ ਕੋਚ ਮਹਾਵੀਰ ਫੋਗਾਟ ਨੇ ਪੁਸ਼ਟੀ ਕੀਤੀ ਹੈ। ਫੋਗਾਟ ਭੈਣਾਂ ਸਾਲ 2017 ’ਚ ਹੋਈਆਂ ਰਾਸ਼ਟਰ ਮੰਡਲ ਖੇਡਾਂ ’ਚ ਇਕੱਠੀਆ ਮੈਟ ’ਤੇ ਉੱਤਰੀਆਂ ਸੀ ਜਿਨ੍ਹਾਂ ’ਚ ਫੋਗਾਟ ਭੈਣਾਂ ਦੇ ਨਾਂ ਨਾਲ ਜਾਣੀਆਂ ਜਾਣ ਵਾਲੀਆਂ ਚਰਖੀ ਦਾਦਰੀ ਦੇ ਬਲਾਲੀ ਪਿੰਡ ਦੀਆਂ ਗੀਤਾ ਫੋਗਾਟ, ਰਿਤੂ ਫੋਗਾਟ, ਸੰਗੀਤਾ ਫੋਗਾਟ (ਤਿੰਨੋਂ ਸਗੀਆਂ ਭੈਣਾਂ) ਅਤੇ ਉਨ੍ਹਾਂ ਦੀ ਚਚੇਰੀ ਭੈਣ ਵਿਨੇਸ਼ ਫੋਗਾਟ ਸ਼ਾਮਲ ਹਨ। ਗੀਤਾ ਤੇ ਵਿਨੇਸ਼ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਹੈ। ਅਰਜੁਨ ਐਵਾਰਡੀ ਤੇ ਫੋਗਾਟ ਭੈਣਾਂ ਦੇ ਪਿਤਾ ਮਹਾਵੀਰ ਨੇ ਇਸ ਰਿਸ਼ਤੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਪਰਿਵਾਰਾਂ ਵਿਚਾਲੇ ਬਿਹਤਰ ਰਿਸ਼ਤੇ ਹਨ। ਉਨ੍ਹਾਂ ਕਿਹਾ, ‘ਮੈਂ ਬੱਚਿਆਂ ਲਈ ਖੁਸ਼ ਹਾਂ ਤੇ ਉਨ੍ਹਾਂ ਦੀਆਂ ਭਾਵਨਾਵਾਂ ਦੀ ਇੱਜ਼ਤ ਕਰਦਾ ਹਾਂ। ਮੈਂ ਉਨ੍ਹਾਂ ਨੂੰ ਹਮੇਸ਼ਾ ਕਿਹਾ ਹੈ ਕਿ ਉਹ ਆਪਣਾ ਜੀਵਨ ਸਾਥੀ ਖੁਦ ਚੁਣਨ। ਮੈਂ ਸੰਗੀਤਾ ਲਈ ਖੁਸ਼ ਹਾਂ ਅਤੇ ਇਸ ਬਾਰੇ ਟੋਕੀਓ ਓਲੰਪਿਕ ਤੋਂ ਬਾਅਦ ਫ਼ੈਸਲਾ ਲਿਆ ਜਾਵੇਗਾ।’