ਬਰੈਂਪਟਨ,— ਕੈਨੇਡਾ ਦੇ ਐੱਮ. ਪੀ. ਰਾਜ ਗਰੇਵਾਲ (ਰਵਿੰਦਰ ਗਰੇਵਾਲ) ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਇਸ ਗੱਲ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਸੋਸ਼ਲ ਮੀਡੀਆ ‘ਤੇ ਦਿੱਤੀ ਹੈ। ਉਨ੍ਹਾਂ ਨੇ ਸਿੱਖ ਮਰਿਆਦਾ ਤਹਿਤ ਆਪਣੀ ਮੰਗੇਤਰ ਸ਼ਿਖਾ ਨਾਲ ਵਿਆਹ ਕਰਵਾਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਛਾਈਆਂ ਹੋਈਆਂ ਹਨ।ਤੁਹਾਨੂੰ ਦੱਸ ਦੇਈਏ ਕਿ ਬਰੈਂਪਟਨ ਈਸਟ ਤੋਂ ਐੱਮ.ਪੀ. ਰਾਜ ਗਰੇਵਾਲ ਨੇ ਆਪਣੇ ਪਰਿਵਾਰ ਅਤੇ ਰਿਸ਼ਤੇਦਾਰਾਂ ਦੇ ਸਾਥ ਨਾਲ ਦੋ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ। ਇਸ ਸਾਲ ਅਪ੍ਰੈਲ ਮਹੀਨੇ ਉਨ੍ਹਾਂ ਨੇ ਆਪਣੇ ਰਿਸ਼ਤੇ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ।ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ,”ਸਾਡੇ ਪਰਿਵਾਰ ‘ਚ ਅੱਜ ਨਵਾਂ ਅਧਿਆਏ ਸ਼ੁਰੂ ਹੋਇਆ ਹੈ। ਅਸੀਂ ਹਮੇਸ਼ਾ ਯਾਦ ਰੱਖਾਂਗੇ ਕਿ ਸਾਡੀ ਕਹਾਣੀ ਕਿੱਥੋਂ ਸ਼ੁਰੂ ਹੋਈ ਸੀ। ਮੈਨੂੰ ਹਮੇਸ਼ਾ ਟੈਕਸੀਕੈਬ ਡਰਾਈਵਰ ਦਾ ਪੁੱਤਰ ਹੋਣ ਦਾ ਮਾਣ ਰਹੇਗਾ।” ਉਨ੍ਹਾਂ ਨੇ ਵਿਆਹ ‘ਚ ਸ਼ਾਮਲ ਹੋਣ ਵਾਲੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ। ਰਾਜ ਗਰੇਵਾਲ ਨੇ 2015 ‘ਚ ਬਰੈਂਪਟਨ ਈਸਟ ਤੋਂ ਚੋਣਾਂ ਜਿੱਤੀਆਂ ਸਨ ਅਤੇ ਉਹ ਲੋਕ ਮੁੱਦਿਆਂ ਨੂੰ ਸੰਸਦ ‘ਚ ਚੁੱਕਦੇ ਹਨ। ਉਹ ਇਮੀਗ੍ਰੇਸ਼ਨ ਅਤੇ ਟੈਕਸ ਪ੍ਰਬੰਧਾਂ ਸਬੰਧੀ ਸੁਧਾਰ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਜਦ ਟਰੂਡੋ ਇਸ ਸਾਲ ਭਾਰਤ ਦੌਰੇ ‘ਤੇ ਆਏ ਸਨ ਤਾਂ ਰਾਜ ਗਰੇਵਾਲ ਵੀ ਉਨ੍ਹਾਂ ਨਾਲ ਇੱਥੇ ਆਏ ਸਨ। ਰਾਜ ਗਰੇਵਾਲ ਦਾ ਜੰਮ-ਪਲ ਭਾਵੇਂ ਕੈਨੇਡਾ ਦਾ ਹੀ ਹੈ ਪਰ ਉਹ ਪੰਜਾਬੀ ਸੱਭਿਆਚਾਰ ਅਤੇ ਰਿਵਾਜ਼ਾਂ ਨਾਲ ਜੁੜੇ ਹੁੰਦੇ ਹਨ। ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਲੁਧਿਆਣੇ ਜ਼ਿਲੇ ਨਾਲ ਸਬੰਧਤ ਹੈ।