ਉਦੈਪੁਰ: ਅਦਾਕਾਰਾ ਪਰਿਨੀਤੀ ਚੋਪੜਾ ਅਤੇ ‘ਆਪ’ ਆਗੂ ਰਾਘਵ ਚੱਢਾ ਉਦੈਪੁਰ ’ਚ ਵਿਆਹ ਤੋਂ ਬਾਅਦ ਅੱਜ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ। ਪ੍ਰਸ਼ੰਸਕਾਂ ਤੇ ਫੋਟੋਗ੍ਰਾਫਰਾਂ ਨੇ ਉਨ੍ਹਾਂ ਦੀਆਂ ਵੱਖ ਵੱਖ ਅੰਦਾਜ਼ ਵਿੱਚ ਫੋਟੋਆਂ ਖਿੱਚੀਆਂ। ਇਸ ਮੌਕੇ ਦੋਵੇਂ ਖਾਸੇ ਫਬ ਰਹੇ ਸਨ। ਪਰਿਨੀਤੀ ਨੇ ਡੈਨਿਮ ਜੀਨਜ਼ ਨਾਲ ਗੁਲਾਬੀ ਰੰਗ ਦਾ ਟੌਪ ਪਾਇਆ ਹੋਇਆ ਸੀ ਜਦਕਿ ਰਾਘਵ ਨੇ ਸਫੇਦ ਕਮੀਜ਼ ਅਤੇ ਕਾਲੀ ਪੈਂਟ ਪਾਈ ਹੋਈ ਸੀ। ਜ਼ਿਕਰਯੋਗ ਹੈ ਕਿ ਦੋਵਾਂ ਦਾ ਸ਼ਾਹੀ ਅੰਦਾਜ਼ ਵਿਚ ਵਿਆਹ ਬੀਤੇ ਦਿਨ ਦਿ ਲੀਲਾ ਪੈਲੇਸ ਵਿਚ ਹੋਇਆ ਸੀ ਜਿਸ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਟੈਨਿਸ ਸਟਾਰ ਸਾਨੀਆ ਮਿਰਜ਼ਾ, ਸਾਬਕਾ ਕ੍ਰਿਕਟ ਖਿਡਾਰੀ ਹਰਭਜਨ ਸਿੰਘ, ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੈ ਸਿੰਘ, ਸ਼ਿਵ ਸੈਨਾ ਆਗੂ ਆਦਿੱਤਿਆ ਠਾਕਰੇ ਅਤੇ ਫੈਸ਼ਨ ਡਿਜ਼ਾਈਨਰ ਮਨੀਸ਼ ਮਲਹੋਤਰਾ ਤੋਂ ਇਲਾਵਾ ਹੋਰ ਕਈ ਹਸਤੀਆਂ ਨੇ ਸ਼ਿਰਕਤ ਕਰਦਿਆਂ ਵਿਆਹੇ ਜੋੜੇ ਨੂੰ ਵਧਾਈ ਦਿੱਤੀ ਸੀ।