ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਰੱਖਿਆ ਦੇ ਉਦੇਸ਼ ਨਾਲ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਜਾਂਦੀ ਹੈ, ਜਿਸ ਦੇ ਲਈ ਉਨ੍ਹਾਂ ਨੂੰ ਲਾਇਸੰਸ ਜਾਰੀ ਕੀਤਾ ਜਾਂਦਾ ਹੈ ਪਰ ਕਈ ਨੌਜਵਾਨ ਇਸ ਨੂੰ ਆਪਣੀ ਫੁਕਰੀ ਸ਼ਾਨ ਵਿਖਾਉਣ ਲਈ ਵਰਤਦੇ ਹਨ, ਜੋਕਿ ਕਾਫੀ ਖਤਰਨਾਕ ਵੀ ਹੋ ਸਕਦੀ ਹੈ। ਅਜਿਹਾ ਹੀ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਤੋਂ, ਜਿਥੇ ਇੱਕ ਵਿਆਹ ਸਮਾਗਮ ਦੌਰਾਨ ਲਾਇਸੈਂਸੀ ਹਥਿਆਰਾਂ ਨਾਲ ਹਵਾਈ ਫਾਇਰਿੰਗ ਕੀਤੀ ਗਈ।
ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਹੈ। ਵੀਡੀਓ ‘ਚ ਡੇਰਾ ਬਾਬਾ ਨਾਨਕ ਰੋਡ ‘ਤੇ ਸਥਿਤ ਇਕ ਪੈਲੇਸ ਦੇ ਬਾਹਰ ਚਾਰ ਨੌਜਵਾਨ ਹਵਾ ‘ਚ ਗੋਲੀਆਂ ਚਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ ਵਿਚ ਸਾਫ ਨਜ਼ਰ ਆ ਰਿਹਾ ਹੈ ਕਿ ਨੌਜਵਾਨਾਂ ਨੇ ਹੱਥਾਂ ਵਿਚ ਪਿਸਟਲਾਂ ਫੜੀਆਂ ਹੋਈਆਂ ਹਨ ਤੇ ਉਹ ਗੋਲੀਆਂ ਚਲਾ ਰਹੇ ਹਨ। ਇਸ ਦੌਰਾਨ ਪਿੱਛੋਂ ਇੱਕ ਫੋਟੋਗ੍ਰਾਫਰ ਵੱਲੋਂ ਫੋਟੋ ਵੀ ਲਈ ਜਾ ਰਹੀ ਹੈ।
ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਨੌਜਵਾਨਾਂ ਦਾ ਪਤਾ ਲਗਾਉਣਾ ਸ਼ੁਰੂ ਕੀਤਾ। ਐੱਸਐੱਸਪੀ ਗੁਰਦਾਸਪੁਰ ਆਦਿਤਿਆ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਜਾਂਚ ਤੋਂ ਬਾਅਦ ਚਾਰੋਂ ਦੋਸ਼ੀਆਂ ਦੀ ਪਛਾਣ ਕਰ ਲਈ ਗਈ ਹੈ। ਦੋਸ਼ੀਆਂ ਵਿੱਚ ਪਿੰਡ ਪਾਹੜਾ ਦੇ ਅਵਤਾਰ ਸਿੰਘ, ਅਮਨਦੀਪ ਸਿੰਘ ਅਤੇ ਪ੍ਰਗਟ ਸਿੰਘ ਤੇ ਪਿੰਡ ਹਯਾਤ ਨਗਰ ਦਾ ਰਮਨ ਸ਼ਾਮਲ ਹਨ।
ਪੁਲਿਸ ਨੇ ਸਾਰੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਐਸਐਸਪੀ ਨੇ ਕਿਹਾ ਕਿ ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਜਾਵੇਗੀ। ਉਨ੍ਹਾਂ ਲਾਇਸੈਂਸੀ ਹਥਿਆਰ ਧਾਰਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਨੇ ਇਹ ਹਥਿਆਰ ਪ੍ਰਦਰਸ਼ਨ ਲਈ ਨਹੀਂ ਬਲਕਿ ਆਤਮ ਰੱਖਿਆ ਲਈ ਦਿੱਤੇ ਹਨ।