ਲੁਧਿਆਣਾ, 29 ਨਵੰਬਰ
ਸੀਬੀਆਈ ਦੀ ਟੀਮ ਨੇ ਮੱਧ ਪ੍ਰਦੇਸ਼ ਵਿੱਚ ਹੋਏ ‘ਵਿਆਪਮ ਘੁਟਾਲੇ’ ਦੇ ਇੱਕ ਮੁਲਜ਼ਮ ਨੂੰ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਹੈ। ਟੀਮ ਨੇ ਮੁਲਜ਼ਮ ਨੂੰ ਕਿਚਲੂ ਨਗਰ ਇਲਾਕੇ ਤੋਂ ਸੋਮਵਾਰ ਦੇਰ ਰਾਤ ਗ੍ਰਿਫ਼ਤਾਰ ਕੀਤਾ ਤੇ ਆਪਣੇ ਨਾਲ ਲੈ ਗਈ। ਇਸ ਗੱਲ ਦੀ ਪੁਸ਼ਟੀ ਡੀਸੀਪੀ ਧਰੁਮਨ ਨਿੰਬਲੇ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸੀਬੀਆਈ ਨੇ ਕਿਚਲੂ ਨਗਰ ਇਲਾਕੇ ਵਿੱਚ ਰਹਿ ਰਹੇ ਵਰਿੰਦਰ ਮੋਹਨ ਨਾਮੀਂ ਇੱਕ ਵਿਅਕਤੀ ਨੂੰ ਕਾਬੂ ਕੀਤਾ ਹੈ, ਜੋ ‘ਵਿਆਪਮ ਘੁਟਾਲੇ’ ਵਿੱਚ ਲੋਂੜੀਦਾ ਸੀ। ਜ਼ਿਕਰਯੋਗ ਹੈ ਕਿ ‘ਵਿਆਪਮ’ ਪ੍ਰੋਫੈਸ਼ਨਲ ਐਜੂਕੇਸ਼ਨ ਸਮੂਹ ਸੀ ਜੋ ਕੁਝ ਸਾਲਾਂ ਤੋਂ ਇੱਕ ਪ੍ਰੀਖਿਆ ਘੁਟਾਲੇ ਵਿੱਚ ਤਬਦੀਲ ਹੋ ਗਿਆ ਸੀ। ਘੁਟਾਲੇ ਦੀ ਸ਼ੁਰੂਆਤ ਕੰਟਰੈਕਟ ਅਧਿਆਪਕ ਵਰਗ 1 ਤੇ ਵਰਗ 2 ਅਤੇ ਮੈਡੀਕਲ ਪ੍ਰੀਖਿਆ ਤੋਂ ਹੋਈ ਸੀ ਜਿਸ ਵਿੱਚ ਅਜਿਹੇ ਲੋਕਾਂ ਨੂੰ ਪਾਸ ਕੀਤਾ ਗਿਆ ਸੀ, ਜਿਨ੍ਹਾਂ ਕੋਲ ਪ੍ਰੀਖਿਆ ਵਿੱਚ ਬੈਠਣ ਤੱਕ ਦੀ ਯੋਗਤਾ ਨਹੀਂ ਸੀ। ਇਹ ਘੁਟਾਲਾ ਦੋ ਹਜ਼ਾਰ ਕਰੋੜ ਰੁਪਏ ਦੇ ਕਰੀਬ ਦਾ ਸੀ।

ਭੋਪਾਲ ਵਿੱਚ ਚਿਰਾਯੂ ਮੈਡੀਕਲ ਕਾਲਜ ਤੇ ਹਸਪਤਾਲ ਦਾ ਡੀਨ ਸੀ ਮੁਲਜ਼ਮ

ਸੀਬੀਆਈ ਵੱਲੋਂ ‘ਵਿਆਪਮ ਘੁਟਾਲੇ’ ਵਿੱਚ ਲੁਧਿਆਣਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਡਾ. ਵਰਿੰਦਰ ਮੋਹਨ ਭੋਪਾਲ ਵਿੱਚ ਚਿਰਾਯੂ ਮੈਡੀਕਲ ਕਾਲਜ ਤੇ ਹਸਪਤਾਲ ਦਾ ਡੀਨ ਸੀ। ਮੁਲਜ਼ਮ ਨੂੰ ਸੀਬੀਆਈ ਨੇ ਅੱਜ ਭੋਪਾਲ ਦੀ ਅਦਾਲਤ ਵਿੱਚ ਪੇਸ਼ ਕੀਤਾ, ਜਿੱਥੋਂ ਉਸਨੂੰ 30 ਨਵੰਬਰ ਤੱਕ ਜੇਲ੍ਹ ’ਚ ਭੇਜ ਦਿੱਤਾ ਗਿਆ ਹੈ।