ਸ੍ਰੀਨਗਰ, 26 ਜੁਲਾਈ
ਦੱਖਣੀ ਕਸ਼ਮੀਰ ਦੇ ਅਨੰਤਨਾਗ ਕਸਬੇ ਵਿੱਚ ਅੱਜ ਸਵੇਰੇ ਸਲਾਮਤੀ ਦਸਤਿਆਂ ਨਾਲ ਹੋਏ ਮੁਕਾਬਲੇ ਵਿੱਚ ਲਸ਼ਕਰੇ-ਤੋਇਬਾ ਦੇ ਦੋ ਦਹਿਸ਼ਤਪਸੰਦ ਮਾਰੇ ਗਏ। ਸਲਾਮਤੀ ਦਸਤਿਆਂ ਨੂੰ ਉਨ੍ਹਾਂ ਦੇ ਇਕ ਘਰ ਵਿੱਚ ਲੁਕੇ ਹੋਣ ਦੀ ਪੱਕੀ ਸੂਹ ਮਿਲੀ ਸੀ।
ਇਹ ਜਾਣਕਾਰੀ ਦਿੰਦਿਆਂ ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਸੂਹ ਮਿਲਣ ਉਤੇ ਪੁਲੀਸ, ਸੀਆਰਪੀਐਫ਼ ਤੇ ਫ਼ੌਜ ਨੇ ਕਸਬੇ ਦੇ ਲਾਲ ਚੌਕ ਨੇੜੇ ਮਹਿਮਨ ਮੁਹੱਲੇ ਵਿੱਚ ਸਥਿਤ ਇਸ ਘਰ ਨੂੰ ਘੇਰ ਲਿਆ। ਐਸਐਸਪੀ ਅਨੰਤਨਾਗ ਅਲਤਾਫ਼ ਖ਼ਾਨ ਤੇ ਉਨ੍ਹਾਂ ਦੀ ਟੀਮ ਵੱਲੋਂ ਹਾਲਾਤ ਉਤੇ ਨਜ਼ਰ ਰੱਖੀ ਜਾ ਰਹੀ ਸੀ। ਕਸ਼ਮੀਰ ਰੇਂਜ ਦੇ ਆਈਜੀਪੀ ਸਵਯਮ ਪ੍ਰਕਾਸ਼ ਪਣੀ ਨੇ ਦੱਸਿਆ, ‘‘ਇਹ ਇਕ ਭੀੜ-ਭੜੱਕੇ ਵਾਲਾ ਇਲਾਕਾ ਹੋਣ ਕਾਰਨ ਅਪਰੇਸ਼ਨ ਬੜਾ ਮੁਸ਼ਕਲ ਸੀ। ਪਹਿਲਾਂ ਸਾਰੇ ਸਿਵਲੀਅਨਾਂ ਨੂੰ ਬਾਹਰ ਕੱਢ ਲਿਆ ਗਿਆ ਤੇ ਫਿਰ ਕਮਰਿਆਂ ਵਿੱਚ ਕਾਰਵਾਈ ਕਰਨ ਵਾਲੀ ਟੀਮ ਨੇ ਮੁਕਾਬਲੇ ਨੂੰ ਅੰਜਾਮ ਦਿੱਤਾ।’’
ਉਨ੍ਹਾਂ ਦੱਸਿਆ ਕਿ ਸਲਾਮਤੀ ਦਸਤਿਆਂ ਨੇ ਆਪਣੀ ਕਾਰਵਾਈ ਤੜਕਸਾਰ ਸ਼ੁਰੂ ਕੀਤੀ ਸੀ। ਅਨੰਤਨਾਗ ਕਸਬੇ ਵਿੱਚ ਇਹ 12 ਸਾਲਾਂ ਬਾਅਦ ਹੋਇਆ ਪਹਿਲਾ ਮੁਕਾਬਲਾ ਸੀ। ਪੁਲੀਸ ਨੇ ਦੱਸਿਆ ਕਿ ਮਾਰੇ ਗਏ ਦਹਿਸ਼ਤਗਰਦਾਂ ਕੋਲੋਂ ਮਿਲੀ ਸਮੱਗਰੀ ਤੋਂ ਪਤਾ ਲੱਗਦਾ ਹੈ ਕਿ ਉਹ ਲਸ਼ਕਰ ਨਾਲ ਸਬੰਧਤ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਇਕ ਦੀ ਪਛਾਣ ਕੁਲਗਾਮ ਦੇ ਵਾਸੀ 26 ਸਾਲਾ ਬਿਲਾਲ ਅਹਿਮਦ ਡਾਰ ਉਰਫ਼ ਬਿਨ ਯਾਮੀਨ ਡਾਰ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਬਿਲਾਲ ਬਾਰ੍ਹਵੀਂ ਜਮਾਤ ਪਾਸ ਕਰਨ ਪਿੱਛੋਂ ਜੂਨ 2017 ਵਿੱਚ ਦਹਿਸ਼ਤੀ ਜਥਬੰਦੀ ਵਿੱਚ ਸ਼ਾਮਲ ਹੋ ਗਿਆ ਸੀ। ਮੁਕਾਬਲੇ ਵਾਲੀ ਥਾਂ ਤੋਂ ਕੁਝ ਗੋਲੀ-ਸਿੱਕਾ ਵੀ ਮਿਲਿਆ ਹੈ।