ਨਵੀਂ ਦਿੱਲੀ, 25 ਜੁਲਾਈ
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਕਿਹਾ ਕਿ ਵਾਤਾਵਰਨ ਵਿੱਚ ਨਿਘਾਰ, ਜੰਗਲਾਤ ਹੇਠ ਰਕਬਾ ਘਟਣਾ, ਗਲੋਬਲ ਵਾਰਮਿੰਗ ਅਤੇ ਜਲਵਾਯੂ ਬਦਲਾਅ ਦੇ ਖਤਰੇ ਆਲਮੀ ਪੱਧਰ ’ਤੇ ਚਰਚਾ ਅਤੇ ਭਾਈਵਾਲੀ ਦੇ ਕੇਂਦਰ ਬਣ ਗਏ ਹਨ ਅਤੇ ਵਾਤਾਵਰਨ ਦੀ ਸੰਭਾਲ 21ਵੀਂ ਸਦੀ ਲਈ ਚਿੰਤਾ ਦਾ ਇਕ ਪ੍ਰਮੁੱਖ ਮੁੱਦਾ ਬਣ ਗਿਆ ਹੈ। ਰਾਸ਼ਟਰਪਤੀ ਮੁਰਮੂ ਨੇ ਰਾਸ਼ਟਰਪਤੀ ਭਵਨ ਵਿੱਚ ਭਾਰਤੀ ਵਣ ਸੇਵਾ ਦੇ ਪ੍ਰੋਬੇਸ਼ਨਰ (2022 ਬੈਚ) ਅਤੇ ਭਾਰਤੀ ਡਿਫੈਂਸ ਐਸਟੇਟਸ ਸੇਵਾ (2018 ਅਤੇ 2022 ਬੈਚ) ਦੇ ਅਧਿਕਾਰੀਆਂ/ ਟਰੇਨੀ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਆਖੀ। ਉਨ੍ਹਾਂ ਕਿਹਾ, ‘‘ਭਾਰਤ ਸਭਿਆਚਾਰਕ ਖੁਸ਼ਹਾਲੀ ਤੇ ਤਕਨੀਕੀ ਤਰੱਕੀ ਕਰ ਕੇ ਦੁਨੀਆ ਭਰ ਦਾ ਧਿਆਨ ਖਿੱਚ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਭਾਰਤ ਦੀ ਜਲਵਾਯੂ ਤੇ ਭੂਗੋਲਿਕ ਸਥਿਤੀ ਜੰਗਲਾਂ ਦੇ ਫੈਲਾਅ ਨਾਲ ਨੇੜਿਓਂ ਜੁੜੀ ਹੋਈ ਹੈ ਅਤੇ ਜੰਗਲ ਤੇ ਜੰਗਲੀ ਜੀਵ ਦੇਸ਼ ਦੇ ਬਹੁਮੁੱਲੇ ਸਰੋਤ ਅਤੇ ਵਿਰਾਸਤ ਹਨ।