ਨਵੀਂ ਦਿੱਲੀ, 15 ਮਈ
ਸ਼ੇਨ ਵਾਟਸਨ ਨੇ ਦ੍ਰਿੜ੍ਹਤਾ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦਿਆਂ ਮੁੰਬਈ ਇੰਡੀਅਨਜ਼ ਖ਼ਿਲਾਫ਼ ਆਈਪੀਐਲ ਫਾਈਨਲ ਵਿੱਚ ਗੋਡੇ ਤੋਂ ਖ਼ੂਨ ਵਹਿਣ ਦੇ ਬਾਵਜੂਦ ਬੱਲੇਬਾਜ਼ੀ ਕੀਤੀ। ਮੁੰਬਈ ਇੰਡੀਅਨਜ਼ ਦੇ ਇਸ ਬੱਲੇਬਾਜ਼ ਦੀ ਖ਼ੂਨ ਨਾਲ ਲਿਬੜੀ ਜਰਸੀ ਭਾਵੇਂ ਟੀਵੀ ਕੈਮਰੇ ਦੀ ਨਜ਼ਰ ਵਿੱਚ ਨਹੀਂ ਆਈ, ਪਰ ਚੇਨੱਈ ਸੁਪਰਕਿੰਗਜ਼ ਦੇ ਉਸ ਦੇ ਸਾਥੀ ਖਿਡਾਰੀ ਹਰਭਜਨ ਸਿੰਘ ਨੇ ਦੱਸਿਆ ਕਿ ਮੈਚ ਮਗਰੋਂ ਵਾਟਸਨ ਦੇ ਗੋਡੇ ’ਚ ਛੇ ਟਾਂਕੇ ਲੱਗੇ। ਚੇਨੱਈ ਦੀ ਟੀਮ ਇਹ ਮੈਚ ਇੱਕ ਦੌੜ ਨਾਲ ਹਾਰ ਗਈ ਸੀ।
ਹਰਭਜਨ ਨੇ ਆਪਣੇ ਇੰਸਟਾਗ੍ਰਾਮ ਪੇਜ ’ਤੇ ਵਾਟਸਨ ਦੀ ਤਸਵੀਰ ਪਾ ਕੇ ਦੱਸਿਆ ਕਿ ਉਸ ਦੇ ਸੱਜੇ ਗੋਡੇ ਵਿੱਚੋਂ ਖ਼ੂਨ ਵਹਿ ਰਿਹਾ ਸੀ। ਉਸ ਨੇ ਲਿਖਿਆ, ‘‘ਕੀ ਤੁਹਾਨੂੰ ਉਸ ਦੇ ਸੱਜੇ ਗੋਡੇ ’ਚੋਂ ਖ਼ੂਨ ਰਿਸਦਾ ਵਿਖਾਈ ਦੇ ਰਿਹਾ ਹੈ। ਉਸ ਨੂੰ ਮੈਚ ਮਗਰੋਂ ਛੇ ਟਾਂਕੇ ਲੱਗੇ। ਉਹ ਡਾਈਵ ਮਾਰਨ ਲੱਗਿਆਂ ਜ਼ਖ਼ਮੀ ਹੋ ਗਿਆ ਸੀ, ਪਰ ਕਿਸੇ ਨੂੰ ਦੱਸੇ ਬਿਨਾਂ ਬੱਲੇਬਾਜ਼ੀ ਕਰਦਾ ਰਿਹਾ।’’ ਵਾਟਸਨ ਨੇ 80 ਦੌੜਾਂ ਬਣਾਈਆਂ ਅਤੇ ਆਖ਼ਰੀ ਓਵਰ ਵਿੱਚ ਰਨ ਆਊਟ ਹੋ ਗਿਆ। ਬਾਅਦ ਵਿੱਚ ਚੇਨੱਈ ਟੀਮ ਨੇ ਆਪਣੇ ਟਵਿੱਟਰ ਹੈਂਡਲ ’ਤੇ ਇਹੀ ਤਸਵੀਰ ਪਾਈ, ਜਿਸ ਮਗਰੋਂ ਟੀਮ ਦੇ ਪ੍ਰਸ਼ੰਸਕਾਂ ਨੇ ਵਾਟਸਨ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ।