ਪਰਥ— ਦੁਨੀਆ ਦੇ ਨੰਬਰ ਇਕ ਟੈਸਟ ਬੱਲੇਬਾਜ਼ ਸਟੀਵ ਸਮਿਥ ਦੀ ਕਪਤਾਨੀ ਵਿਚ ਆਸਟਰੇਲੀਆਈ ਕ੍ਰਿਕਟ ਟੀਮ ਨੇ ਸੋਮਵਾਰ ਇੰਗਲੈਂਡ ਵਿਰੁੱਧ ਤੀਜੇ ਮਹੱਤਵਪੂਰਨ ਟੈਸਟ ਮੈਚ ਦੇ ਆਖਰੀ ਦਿਨ ਸੋਮਵਾਰ ਪਾਰੀ ਤੇ 41 ਦੌੜਾਂ ਨਾਲ ਜਿੱਤ ਆਪਣੇ ਨਾਂ ਕਰਦਿਆਂ 3-0 ਨਾਲ ਏਸ਼ੇਜ਼ ਸੀਰੀਜ਼ ‘ਤੇ ਅਜੇਤੂ ਬੜ੍ਹਤ ਬਣਾ ਲਈ। ਆਸਟ੍ਰੇਲੀਆ ਨੇ ਵਾਕਾ ਕ੍ਰਿਕਟ ਗਰਾਊਂਡ ‘ਤੇ ਇੰਗਲੈਂਡ ਟੀਮ ਦੀ ਦੂਜੀ ਪਾਰੀ 72.5 ਓਵਰਾਂ ਵਿਚ 218 ਦੌੜਾਂ ‘ਤੇ ਢੇਰ ਕਰਦਿਆਂ ਚਾਹ ਦੀ ਬ੍ਰੇਕ ਤੋਂ ਪਹਿਲਾਂ ਹੀ ਜਿੱਤ ਆਪਣੇ ਨਾਂ ਕਰ ਲਈ। ਦੋਵਾਂ ਟੀਮਾਂ ਲਈ ਇਹ ਮੈਚ ਮਹੱਤਵਪੂਰਨ ਸੀ ਤੇ ਇੰਗਲੈਂਡ ਲਈ ਇਹ ‘ਕਰੋ ਜਾਂ ਮਰੋ’ ਦਾ ਮੈਚ ਸੀ ਪਰ ਉਸ ਨੇ ਦੋ ਮੈਚ ਬਾਕੀ ਰਹਿੰਦਿਆਂ ਹੀ ਸੀਰੀਜ਼ ਗੁਆ ਦਿੱਤੀ। ਇੰਗਲੈਂਡ ਦੀ ਪਾਰੀ ਵਿਚ ਜੇਮਸ ਵਿੰਸ (55) ਤੇ ਡੇਵਿਡ ਮਲਾਨ (54) ਦੇ ਅਰਧ ਸੈਂਕੜਿਆਂ ਤੋਂ ਇਲਾਵਾ ਸਾਰੇ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਨਿਰਾਸ਼ਾਜਨਕ ਰਿਹਾ।
ਆਸਟਰੇਲੀਆ ਦੀ ਸ਼ਾਨਦਾਰ ਜਿੱਤ
ਇਸ ਸਟੇਡੀਆ ‘ਚ ਇੰਗਲੈਂਡ ਤੇ ਆਸਟਰੇਲੀਆ ਦੇ ਵਿਚਾਲੇ ਖੇਡਿਆ ਗਿਆ। ਜਿਸ ‘ਚ ਕੁਲ 10 ਮੈਚਾਂ ‘ਚ ਆਸਟਰੇਲੀਆ ਨੇ ਆਪਣਾ ਦਬਦਬਾ ਕਾਇਮ ਹੈ। ਆਸਟਰੇਲੀਆ ਨੇ 1991 ਤੋਂ ਲੈ ਕੇ 2017 ਦੇ ਵਿਚ ਲਗਾਤਾਰ 8 ਵਾਰ ਇੰਗਲੈਂਡ ਨੂੰ ਇਸ ਮੈਦਾਨ ‘ਤੇ ਖੇਡੇ ਗਏ ਟੈਸਟ ਮੈਚ ‘ਚ ਹਰਾ ਦਿੱਤਾ ਤੇ ਇਕ ਨਵਾਂ ਰਿਕਾਰਡ ਕਾਇਮ ਕੀਤਾ ਹੈ।
ਵਾਕਾ ‘ਤੇ ਆਸਟਰੇਲੀਆ ਦੀ 8ਵੀਂ ਜਿੱਤ
ਇੰਗਲੈਂਡ ਨੂੰ ਕੇਵਲ ਇਕ ਵਾਰ ਜਿੱਤ ਹਾਸਲ ਹੋਈ ਹੈ। 3 ਮੈਚ ਡਰਾਅ ਹੋਏ ਹਨ। ਇੰਗਲੈਂਡ ਨੇ ਆਸਟਰੇਲੀਆ ਨੂੰ ਇਸ ਸਟੇਡੀਆ ‘ਚ 1978 ‘ਚ ਖੇਡੇ ਗਏ ਟੈਸਟ ਮੈਚ ‘ਚ 166 ਦੌੜਾਂ ਨਾਲ ਹਰਾਇਆ ਸੀ। ਇਹ ਉਸਦੀ ਇਸ ਗਰਾਂਊਡ ‘ਤੇ ਆਸਟਰੇਲੀਆ ਖਿਲਾਫ ਸਿਰਫ ਇਕ ਜਿੱਤ ਸੀ।