ਮੁੰਬਈ: ਟੀਵੀ ਸੀਰੀਜ਼ ‘ਜੁਬਲੀ’ ਦੀ ਅਦਾਕਾਰਾ ਵਾਮਿਕਾ ਗੱਬੀ ਜਲਦੀ ਹੀ ਅਗਲੀ ਐਕਸ਼ਨ ਫਿਲਮ ਵਿੱਚ ਵਰੁਣ ਧਵਨ ਨਾਲ ਦਿਖਾਈ ਦੇਵੇਗੀ। ਫ਼ਿਲਮ ਦਾ ਨਿਰਮਾਣ ਐਟਲੀ ਅਤੇ ਉਸ ਦੀ ਪਤਨੀ ਪ੍ਰਿਆ ਮੋਹਨ ਦੇ ਬੈਨਰ ‘ਏ ਫਾਰ ਐੱਪਲ ਸਟੂਡੀਓਜ਼’ ਵੱਲੋਂ ਕੀਤਾ ਜਾ ਰਿਹਾ ਹੈ। ਫ਼ਿਲਮ ਦਾ ਨਿਰਦੇਸ਼ਨ 2019 ਵਿੱਚ ਆਈ ਤਾਮਿਲ ਫ਼ਿਲਮ ‘ਕੀ’ ਨਾਲ ਪਛਾਣ ਬਣਾਉਣ ਵਾਲੇ ਕਲੀਸ ਕਰਨਗੇ। ਇਹ ਫ਼ਿਲਮ 31 ਮਈ 2024 ਨੂੰ ਰਿਲੀਜ਼ ਹੋਵੇਗੀ। ਅਜੇ ਫ਼ਿਲਮ ਦੇ ਨਾਮ ਅਤੇ ਕਹਾਣੀ ਬਾਰੇ ਦੱਸਿਆ ਨਹੀਂ ਗਿਆ। ਇਸ ਵਿੱਚ ਕੌਮੀ ਪੁਰਸਕਾਰ ਜੇਤੂ ਕੀਰਤੀ ਸੁਰੇਸ਼ ਵੀ ਅਹਿਮ ਭੂਮਿਕਾ ਨਿਭਾਏਗੀ। ਵਾਮਿਕਾ ਨੇ ਕਿਹਾ, ‘‘ਮੈਂ ਇਸ ਫ਼ਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਾਂ। ਵਰੁਣ ਧਵਨ ਅਤੇ ਕੀਰਤੀ ਸੁਰੇਸ਼ ਨਾਲ ਕੰਮ ਕਰਨ ਦਾ ਮੌਕਾ ਮਿਲਣਾ ਕੁਝ ਅਜਿਹਾ ਹੈ ਜਿਸ ਦੀ ਮੈਂ ਤਲਾਸ਼ ਕਰ ਰਹੀ ਸੀ।’ ‘ਗ੍ਰਹਿਣ,’ ‘ਮਾਈ’ ਅਤੇ ‘ਜੁਬਲੀ’ ਵਿੱਚ ਆਪਣੀ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੀ ਵਾਮਿਕਾ ਹੁਣ ਹੰਗਰੀ ਦੇ ਬੁਡਾਪੈਸਟ ਵਿੱਚ ਸ਼ੂਟਿੰਗ ਕਰ ਰਹੀ ਹੈ। ਉਹ ਫ਼ਿਲਮ ਨਿਰਮਾਤਾ ਵਿਸ਼ਾਲ ਭਾਰਦਵਾਜ ਦੀ ਵੈੱਬਸੀਰੀਜ਼ ‘ਚਾਰਲੀ ਚੋਪੜਾ ਐਂਡ ਦਿ ਮਿਸਟਰੀ ਆਫ਼ ਸੋਲਾਂਗ ਵੈੱਲੀ’ ਅਤੇ ਨੈੱਟਫਲਿਕਸ ’ਤੇ ਫ਼ਿਲਮ ‘ਖੁਫੀਆ’ ਵਿੱਚ ਅਦਾਕਾਰਾ ਤੱਬੂ ਨਾਲ ਵੀ ਦਿਖਾਈ ਦੇਵੇਗੀ।