ਸੰਯੁਕਤ ਰਾਸ਼ਟਰ, 21 ਜੂਨ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਥੇ ਸੰਯੁਕਤ ਰਾਸ਼ਟਰ ਦੇ ਹੈੱਡਕੁਆਰਟਰਜ਼ ਵਿਚ 9ਵੇਂ ਕੌਮਾਂਤਰੀ ਯੋਗ ਦਿਹਾੜੇ ਮੌਕੇ ਇਤਿਹਾਸਕ ਸਮਾਗਮ ਦੀ ਅਗਵਾਈ ਕਰਦਿਆਂ ਯੋਗ ਨੂੰ ‘ਸੱਚਮੁਚ ਸਰਬਵਿਆਪਕ’ ਤੇ ‘ਕਾਪੀਰਾਈਟਸ ਤੇ ਪੇਟੈਂਟ ਤੋਂ ਮੁਕਤ’ ਕਰਾਰ ਦਿੱਤਾ। ਯੂਐੱਨ ਹੈੱਡਕੁਆਰਟਰਜ਼ ਵਿੱਚ ਸ੍ਰੀ ਮੋਦੀ ਦੀ ਅਗਵਾਈ ਹੇਠ ਮਨਾੲੇ ਗਏ ਕੌਮਾਂਤਰੀ ਯੋਗ ਦਿਹਾੜੇ ਨੇ ਵੱਖ ਵੱਖ ਦੇਸ਼ਾਂ ਦੇ ਨਾਗਰਿਕਾਂ ਦੀ ਸ਼ਮੂਲੀਅਤ ਨੂੰ ਲੈ ਕੇ ਨਵਾਂ ਗਿੰਨੀਜ਼ ਵਿਸ਼ਵ ਰਿਕਾਰਡ ਸਿਰਜਿਆ ਹੈ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਮਰੀਕਾ ਤੋਂ ਭਾਰਤ ਵਾਸੀਆਂ ਦੇ ਨਾਮ ਵੀਡੀਓ ਸੁਨੇਹੇ ’ਚ ਕਿਹਾ ਕਿ ਮੁਲਕ ਨੇ ਹਮੇਸ਼ਾ ਜੋੜਨ, ਅਪਣਾਉਣ ਅਤੇ ਉਸ ਨੂੰ ਜਜ਼ਬ ਕਰਨ ਵਾਲੀਆਂ ਰਵਾਇਤਾਂ ਦਾ ਪਾਲਣ ਕੀਤਾ ਹੈ। ਮੋਦੀ ਨੇ ਕਿਹਾ,‘‘ਅਸੀਂ ਯੋਗ ਰਾਹੀਂ ਮੱਤਭੇਦਾਂ, ਅੜਿੱਕਿਆਂ ਅਤੇ ਟਾਕਰੇ ਨੂੰ ਖ਼ਤਮ ਕਰਨਾ ਹੈ। ਅਸੀਂ ਦੁਨੀਆ ਅੱਗੇ ‘ਇਕ ਭਾਰਤ, ਸਰਵਸ਼੍ਰੇਸ਼ਠ ਭਾਰਤ’ ਦੀ ਭਾਵਨਾ ਨੂੰ ਮਿਸਾਲ ਵਜੋਂ ਪੇਸ਼ ਕਰਨਾ ਹੈ।’’ ਉਨ੍ਹਾਂ ਕਿਹਾ ਕਿ ਇਸ ਵਾਰ ਦਾ ਯੋਗ ਦਿਵਸ ਕੁਝ ਖਾਸ ਹੈ ਕਿਉਂਕਿ ਆਰਕਟਿਕ ਅਤੇ ਅੰਟਾਰਟਿਕ ਸਥਿਤ ਭਾਰਤ ਦੇ ਖੋਜ ਕੇਂਦਰਾਂ ’ਤੇ ਵੀ ਰਿਸਰਚਰਾਂ ਨੇ ਪ੍ਰੋਗਰਾਮ ’ਚ ਹਿੱਸਾ ਲਿਆ।

ਰਾਸ਼ਟਰਪਤੀ ਜੋਅ ਬਾਇਡਨ ਤੇ ਪ੍ਰਥਮ ਮਹਿਲਾ ਜਿਲ ਬਾਇਡਨ ਦੇ ਸੱਦੇ ’ਤੇ ਆਪਣੇ ਪਲੇਠੇ ਸਰਕਾਰੀ ਦੌਰੇ ’ਤੇ ਆਏ ਪ੍ਰਧਾਨ ਮੰਤਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਉੱਤਰੀ ਲਾਅਨ ਵਿੱਚ ਮਹਾਤਮਾ ਗਾਂਧੀ ਦੇ ਬੁੱਤ ਨੂੰ ਮੱਥਾ ਟੇਕ ਕੇ ਸਮਾਗਮ ਦਾ ਆਗਾਜ਼ ਕੀਤਾ। ਸ੍ਰੀ ਮੋਦੀ, ਜਿਨ੍ਹਾਂ ਸਫ਼ੇਦ ਰੰਗ ਦੀ ਯੋਗਾ ਟੀ-ਸ਼ਰਟ ਤੇ ਪਜਾਮਾ ਪਾਇਆ ਹੋਇਆ ਸੀ, ਨੇ ‘ਨਮਸਤੇ’ ਨਾਲ ਆਪਣੇ ਭਾਸ਼ਣ ਦੀ ਸ਼ੁਰੂਆਤ ਕੀਤੀ ਤੇ ਕੌਮਾਂਤਰੀ ਯੋਗ ਦਿਹਾੜਾ ਮਨਾਉਣ ਲਈ ਦੂਰ-ਦੁਰੇਡਿਓਂ ਪੁੱਜੇ ਲੋਕਾਂ ਦਾ ਧੰਨਵਾਦ ਕੀਤਾ।
ਸ੍ਰੀ ਮੋਦੀ ਨੇ ਯੂਐੱਨ ਹੈੱਡਕੁਆਰਟਰਜ਼ ਦੇ ਲਾਅਨ ’ਚ ਇਕੱਤਰ ਲੋਕਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ, ‘‘ਤੁਹਾਨੂੰ ਸਾਰਿਆਂ ਨੂੰ ਦੇਖ ਕੇ ਪ੍ਰਸੰਨਤਾ ਹੋਈ। ਇਥੇ ਆਉਣ ਲਈ ਤੁਹਾਡੇ ਸਾਰਿਆਂ ਦਾ ਧੰਨਵਾਦ। ਦੋਸਤੋ ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇਥੇ ਤਕਰੀਬਨ ਹਰੇਕ ਦੇਸ਼ ਦਾ ਨੁਮਾਇੰਦਾ ਪੁੱਜਾ ਹੈ।’’ ਇਸ ਮੌਕੇ ਯੂਐੱਨ ਜਨਰਲ ਅਸੈਂਬਲੀ ਦੇ 77ਵੇਂ ਸੈਸ਼ਨ ਦੇ ਪ੍ਰਧਾਨ ਕਸਾਬਾ ਕੋਰਿਸੀ, ਡਿਪਟੀ ਸਕੱਤਰ ਜਨਰਲ ਅਮੀਨਾ ਮੁਹੰਮਦ, ਨਿਊ ਯਾਰਕ ਦੇ ਮੇਅਰ ਐਰਿਕ ਐਡਮਜ਼, ਹੌਲੀਵੁੱਡ ਅਦਾਕਾਰ ਰਿਚਰਡ ਗੇਅਰ, ਆਇੰਗਰ ਯੋਗਾ ਐਕਸਪੋਨੈਂਟ ਦੇਦਰਾ ਡੈਮਨਜ਼ ਤੇ ਉੱਘੀ ਅਮਰੀਕੀ ਗਾਇਕ ਮੈਰੀ ਮਿਲਬਨ ਸਣੇ ਹੋਰ ਉੱਘੀਆਂ ਹਸਤੀਆਂ ਪ੍ਰਧਾਨ ਮੰਤਰੀ ਮੋਦੀ ਨਾਲ ਮੌਜੂਦ ਸਨ। ਸ੍ਰੀ ਮੋਦੀ ਨੇ ਕਿਹਾ, ‘‘ਮੈਨੂੰ ਨੌਂ ਸਾਲ ਪਹਿਲਾਂ ਇਥੇ ਯੂਐੱਨ ਵਿਚ ਉਹ ਪਲ ਯਾਦ ਆਉਂਦਾ ਹੈ ਜਦੋਂ ਮੈਨੂੰ ਕੌਮਾਂਤਰੀ ਯੋਗ ਦਿਹਾੜਾ 21 ਜੂਨ ਨੂੰ ਮਨਾਏ ਜਾਣ ਸਬੰਧੀ ਤਜਵੀਜ਼ ਰੱਖਣ ਦਾ ਮਾਣ ਮਿਲਿਆ ਸੀ। ਉਦੋਂ ਕੁੱਲ ਆਲਮ ਨੇ ਇਕਜੁੱਟ ਹੋ ਕੇ ਇਸ ਵਿਚਾਰ ਦੀ ਹਮਾਇਤ ਕੀਤੀ ਤੇ ਇਹ ਦੇਖਣਾ ਆਪਣੇ ਆਪ ਵਿੱਚ ਸ਼ਾਨਦਾਰ ਸੀ।’’ ਯੋਗਾ ਲਈ ਕੁੱਲ ਆਲਮ ਨੂੰ ਇਕ ਵਾਰ ਫਿਰ ਇਕੱਠਿਆਂ ਦੇਖਣਾ ਸ਼ਾਨਦਾਰ ਹੈ। ਪ੍ਰਧਾਨ ਮੰਤਰੀ ਨੇ ਕਿਹਾ, ‘‘ਯੋਗ ਦੀ ਉੱਤਪਤੀ ਭਾਰਤ ਤੋਂ ਹੋਈ ਤੇ ਇਹ ਬਹੁਤ ਪੁਰਾਣੀ ਰਵਾਇਤ ਹੈ। ਪਰ ਸਾਰੀਆਂ ਪੁਰਾਣਿਕ ਭਾਰਤੀ ਰਵਾਇਤਾਂ ਮੁਤਾਬਕ ਇਹ ਵੀ ਸਜੀਵ ਤੇ ਗਤੀਸ਼ੀਲ ਹੈ। ਯੋਗਾ ਕਾਪੀਰਾਈਟ, ਪੇਟੈਂਟਾਂ ਤੇ ਰੌਇਲਟੀ ਦੀ ਅਦਾਇਗੀ ਤੋਂ ਮੁਕਤ ਹੈ। ਯੋਗ ਤੁਹਾਡੀ ਉਮਰ, ਲਿੰਗ ਤੇ ਫਿਟਨੈੱਸ ਪੱਧਰ ਦੇ ਅਨੁਕੂਲ ਹੈ। ਯੋਗ ਪੋਰਟੇਬਲ ਤੇ ਸੱਚਮੁੱਚ ਸਰਬਵਿਆਪਕ ਹੈ।’’ ਹੈੱਡਕੁਆਰਟਰਜ਼ ਵਿੱਚ ਯੋਗ ਲਈ ਆਏ ਲੋਕਾਂ, ਜਿਨ੍ਹਾਂ ਯੋਗਾ ਟੀ-ਸ਼ਰਟਾਂ ਪਾਈਆਂ ਸਨ, ਲਈ ਲਾਅਨ ਵਿੱਚ ਪੀਲੇ ਰੰਗ ਦੇ ਸੈਂਕੜੇ ਮੈਟ ਰੱਖੇ ਗੲੇ ਸਨ। ਇਸ ਦੌਰਾਨ ਵੱਖ ਵੱਖ ਥਾਈਂ ਲੱਗੀਆਂ ਐੱਲਈਡੀ ਸਕਰੀਨਾਂ ’ਤੇ ਭਾਰਤੀ ਸਭਿਆਚਾਰ ਤੇ ਵਿਰਾਸਤ ਨੂੰ ਦਰਸਾਉਂਦੀਆਂ ਵੀਡੀਓਜ਼ ਵੀ ਦਿਖਾਈਆਂ ਗਈਆਂ। ਸ੍ਰੀ ਮੋਦੀ ਨੇ ਕਿਹਾ, ‘‘ਜਦੋਂ ਅਸੀਂ ਯੋਗਾ ਕਰਦੇ ਹਾਂ, ਅਸੀਂ ਸਰੀਰਕ ਤੌਰ ’ਤੇ ਤੰਦਰੁਸਤ ਤੇ ਮਾਨਸਿਕ ਸ਼ਾਂਤੀ ਮਹਿਸੂਸ ਕਰਦੇ ਹਾਂ। ਆਓ ਯੋਗ ਦੀ ਤਾਕਤ ਦਾ ਇਸਤੇਮਾਲ ਕਰੀਏ, ਨਾ ਸਿਰਫ਼ ਸਿਹਤਮੰਦ ਤੇ ਖ਼ੁਸ਼ ਰਹਿਣ ਲਈ ਬਲਕਿ ਦੋਸਤੀ ਦੇ ਨਵੇਂ ਸੇਤੂਆਂ, ਸ਼ਾਂਤੀਪੂਰਨ ਕੁੱਲ ਆਲਮ ਅਤੇ ਸਾਫ਼ ਤੇ ਹਰੇ-ਭਰੇ ਭਵਿੱਖ ਦਾ ਨਿਰਮਾਣ ਕਰਨ ਲਈ।’’

ਉਧਰ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੌਮਾਂਤਰੀ ਯੋਗ ਦਿਹਾੜੇ ਮੌਕੇ ਆਪਣੇ ਵੀਡੀਓ ਸੁਨੇਹੇ ਵਿੱਚ ਕਿਹਾ ਕਿ ਯੋਗ ਸਰੀਰ ਤੇ ਦਿਮਾਗ, ਮਨੁੱਖਤਾ ਤੇ ਕੁਦਰਤ ਅਤੇ ਕੁੱਲ ਆਲਮ ਦੇ ਲੋਕਾਂ ਨੂੰ ਜੋੜਦਾ ਹੈ, ਜਿਨ੍ਹਾਂ ਲਈ ਯੋਗ ਤਾਕਤ, ਸਦਭਾਵਨਾ ਤੇ ਸ਼ਾਂਤੀ ਦਾ ਸਰੋਤ ਹੈ। ਗੁਟੇਰੇਜ਼ ਨੇ ਕਿਹਾ, ‘‘ਇਸ ਖ਼ਤਰਨਾਕ ਤੇ ਵੰਡੇ ਹੋੲੇ ਕੁੱਲ ਆਲਮ ਵਿੱਚ ਇਸ ਪੁਰਾਤਨ ਰਵਾਇਤ ਦੇ ਫਾਇਦੇ ਬਹੁਤ ਕੀਮਤੀ ਹਨ।