ਲੰਬੀ, 7 ਅਕਤੂਬਰ

ਗੁਲਾਬੀ ਸੁੰਡੀ ਕਰਕੇ ਨਰਮਾ ਖਰਾਬੇ ਦੇ ਪੀੜਤ ਕਿਸਾਨਾਂ ਤੇ ਮਜ਼ਦੂਰਾਂ ਨੂੰ ਮੁਆਵਜ਼ੇ ਲਈ ਪੰਜਾਬ ਸਰਕਾਰ ਵੱਲੋਂ ਕੋਈ ਸੁਣਵਾਈ ਨਾ ਹੋਣ ‘ਤੇ ਪਿੰਡ ਬਾਦਲ ਵਿਖੇ ਤਿੰਨ ਦਿਨਾਂ ਤੋਂ ਪੱਕਾ ਮੋਰਚਾ ਲਾਈ ਬੈਠੇ ਹਜ਼ਾਰਾਂ ਕਿਸਾਨਾਂ ਦੇ ਸਬਰ ਬੰਨ੍ਹ ਟੁੱਟ ਗਿਆ, ਜਿਸ ‘ਤੇ ਭਾਕਿਯੂ ਏਕਤਾ ਉਗਰਾਹਾਂ ਨੇ ਪੁਲੀਸ ਨਾਕੇ ਤੋੜ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਰ ਘੇਰ ਲਿਆ। ਇਸ ਮੌਕੇ ਕਿਸਾਨਾਂ ਦੇ ਭਖਵੇਂ ਰੋਹ ਦੇ ਮੂਹਰੇ ਪੁਲੀਸ ਦੀ ਸਖ਼ਤ ਨਾਕੇਬੰਦੀ ਅਤੇ ਵੱਡੀ ਗਿਣਤੀ ਕਤਾਰਬੱਧ ਪੁਲੀਸ ਬੇਵੱਸ ਨਜ਼ਰ ਆਈ। ਭਾਕਿਯੂ ਆਗੂ ਗੁਰਪਾਸ਼ ਸਿੰਘੇਵਾਲਾ ਨੇ ਕਿਹਾ ਕਿ ਮੌਕੇ ‘ਤੇ ਮੌਜੂਦ ਅਧਿਕਾਰੀ ਕੱਲ੍ਹ ਤੋਂ ਡਿਪਟੀ ਕਮਿਸ਼ਨਰ ਨਾਲ ਗੱਲਬਾਤ ਕਰਵਾਉਣ ਦੀ ਗੱਲ ਆਖ ਰਹੇ ਹਨ, ਜਦੋਂ ਕਿ ਇਹ ਮੁਆਵਜ਼ੇ ਦਾ ਮਾਮਲਾ ਸੂਬਾ ਸਰਕਾਰ ਅਤੇ ਵਿੱਤ ਮੰਤਰੀ ਪੱਧਰ ‘ਤੇ ਹੱਲ ਹੋਣਾ ਹੈ।