ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅੱਜਕੱਲ੍ਹ ਲੰਦਨ ਦੌਰੇ ‘ਤੇ ਹਨ। ਉਨ੍ਹਾਂ ਨੇ ਇੱਥੇ ਚੈਥਮ ਹਾਊਸ ਥਿੰਕ ਟੈਂਕ ਵੱਲੋਂ ਆਯੋਜਿਤ ਇੱਕ ਵਿਸ਼ੇਸ਼ ਇਵੈਂਟ ਵਿੱਚ ਸ਼ਿਰਕਤ ਕੀਤੀ। ਪਰ ਜਿਵੇਂ ਹੀ ਉਹ ਪ੍ਰੋਗਰਾਮ ਤੋਂ ਬਾਹਰ ਨਿਕਲੇ ਤੇ ਆਪਣੀ ਕਾਰ ਵੱਲ ਵਧੇ, ਉਥੇ ਪਹਿਲਾਂ ਤੋਂ ਮੌਜੂਦ ਕੱਟੜਪੰਥੀ ਪ੍ਰਦਰਸ਼ਨਕਾਰੀਆਂ ਨੇ ਉਨ੍ਹਾਂ ਦੇ ਖ਼ਿਲਾਫ਼ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਹ ਘਟਨਾ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਵਾਇਰਲ ਹੋ ਰਹੀ ਹੈ।

ਆਪਣੇ ਛੇ ਦਿਨਾਂ ਬ੍ਰਿਟੇਨ ਤੇ ਆਇਰਲੈਂਡ ਦੌਰੇ ਦੌਰਾਨ, ਜੈਸ਼ੰਕਰ ਨੇ ਚੈਥਮ ਹਾਊਸ ‘ਚ ਭਾਰਤ ਦੀ ਵਿਸ਼ਵ ਪੱਧਰੀ ਭੂਮਿਕਾ ਤੇ ਉਭਾਰ ਬਾਰੇ ਗੱਲਬਾਤ ਕੀਤੀ। ਉਨ੍ਹਾਂ ਨੇ ਕਸ਼ਮੀਰ, ਵਪਾਰਕ ਮਸਲੇ ਤੇ ਅਮਰੀਕੀ ਨੀਤੀਆਂ ਬਾਰੇ ਵੀ ਆਪਣੀ ਰਾਇ ਦਿੱਤੀ। ਪਰ ਜਿਵੇਂ ਹੀ ਉਹ ਪ੍ਰੋਗਰਾਮ ਤੋਂ ਬਾਹਰ ਨਿਕਲੇ, ਕੱਟੜਪੰਥੀ ਉਥੇ ਪਹਿਲਾਂ ਹੀ ਮੌਜੂਦ ਸਨ ਅਤੇ ਉਨ੍ਹਾਂ ਨੇ ਜੈਸ਼ੰਕਰ ਦੀ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ। ਇੱਕ ਪ੍ਰਦਰਸ਼ਨਕਾਰੀ ਨੇ ਤਾਂ ਗੱਡੀ ਦੇ ਸਾਹਮਣੇ ਆ ਕੇ ਰਸਤਾ ਵੀ ਰੋਕਿਆ। ਇਸ ਦੌਰਾਨ, ਉਨ੍ਹਾਂ ਵੱਲੋਂ ਤਿਰੰਗਾ ਝੰਡਾ ਵੀ ਪਾੜਿਆ ਗਿਆ, ਜਿਸ ‘ਤੇ ਮੌਜੂਦ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦਿਆਂ ਹੰਗਾਮਾ ਖਤਮ ਕਰਨ ਦੀ ਕੋਸ਼ਿਸ਼ ਕੀਤੀ।

ਚੈਥਮ ਹਾਊਸ ‘ਚ ਆਪਣੀ ਗੱਲਬਾਤ ਦੌਰਾਨ, ਜੈਸ਼ੰਕਰ ਨੇ ਕਿਹਾ ਕਿ ਪਾਕਿਸਤਾਨ ਨੇ ਭਾਰਤ ਦੇ ਹਿੱਸੇ (ਪੀਓਕੇ) ਨੂੰ ਗੈਰ-ਕਾਨੂੰਨੀ ਢੰਗ ਨਾਲ ਕਬਜ਼ੇ ਵਿੱਚ ਲਿਆ ਸੀ, ਅਤੇ ਹੁਣ ਉਨ੍ਹਾਂ ਨੂੰ ਉਸ ਦੀ ਵਾਪਸੀ ਦੀ ਉਮੀਦ ਹੈ। ਉਨ੍ਹਾਂ ਦਾ ਕਹਿਣਾ ਸੀ ਕਿ ਜਿਵੇਂ ਹੀ ਪੀਓਕੇ ਭਾਰਤ ਦਾ ਹਿੱਸਾ ਬਣੇਗਾ, ਜੰਮੂ-ਕਸ਼ਮੀਰ ਵਿੱਚ ਪੂਰਨ ਸ਼ਾਂਤੀ ਸਥਾਪਿਤ ਹੋ ਜਾਵੇਗੀ।

ਇਸ ਦੌਰੇ ਦੌਰਾਨ, ਜੈਸ਼ੰਕਰ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਕੇਅਰ ਸਟਾਰਮਰ ਅਤੇ ਵਿਦੇਸ਼ ਮੰਤਰੀ ਡੇਵਿਡ ਲੈਮੀ ਨਾਲ ਵੀ ਮੁਲਾਕਾਤ ਕੀਤੀ, ਜਿਸ ਵਿੱਚ ਦੋਵੇਂ ਦੇਸ਼ਾਂ ਵਿਚਕਾਰ ਵਪਾਰ ਤੇ ਹੋਰ ਕਈ ਮੁੱਦਿਆਂ ‘ਤੇ ਗੱਲਬਾਤ ਹੋਈ।