ਲੰਡਨ, 2 ਅਗਸਤ
ਬਰਤਾਨੀਆ ਦੇ 79 ਸਾਲਾ ਸਿੱਖ ਵਿਅਕਤੀ ਨੇ ਆਪਣੀ ਪਤਨੀ ਦੀ ਲੱਕੜ ਦੇ ਬੱਲੇ ਨਾਲ ਹੱਤਿਆ ਕਰਨ ਦਾ ਗੁਨਾਹ ਅਦਾਲਤ ਵਿੱਚ ਕਬੂਲ ਕਰ ਲਿਆ ਹੈ। ਤਰਸੇਮ ਸਿੰਘ ਸੋਮਵਾਰ ਨੂੰ ਸਨੇਅਰਜ਼ਬਰੁੱਕ ਕਰਾਊਨ ਕੋਰਟ ਵਿੱਚ ਪੇਸ਼ ਹੋਇਆ ਅਤੇ ਕਬੂਲ ਕੀਤਾ ਕਿ ਪੂਰਬੀ ਲੰਡਨ ਦੇ ਹਾਰਨਚਰਚ ਵਿੱਚ ਸਥਿਤ ਆਪਣੇ ਘਰ ਵਿੱਚ ਉਸ ਨੇ ਆਪਣੀ ਪਤਨੀ ਮਾਇਆ ਦੇਵੀ (77) ਦੀ ਹੱਤਿਆ ਕੀਤੀ ਸੀ। ਅਦਾਲਤ ਉਸ ਨੂੰ 29 ਸਤੰਬਰ ਨੂੰ ਸਜ਼ਾ ਸੁਣਾਏਗੀ। ਇਸ ਮਾਮਲੇ ਦੀ ਜਾਂਚ ਕਰ ਰਹੇ ਮੈਟਰੋਪੌਲੀਟਨ ਪੁਲੀਸ ਡਿਟੈਕਟਵਿ ਚੀਫ ਇੰਸਪੈਕਟਰ ਮਾਰਕ ਰੋਜਰ ਨੇ ਕਿਹਾ, ‘‘ਇਸ ਝੰਜੋੜ ਦੇਣ ਵਾਲੀ ਘਟਨਾ ਤੋਂ ਜੋੜੇ ਦੇ ਤਿੰਨੋਂ ਬੱਚੇ ਪੂਰੀ ਤਰ੍ਹਾਂ ਪ੍ਰੇਸ਼ਾਨ ਹਨ। ਕਿਸੇ ਦੀ ਮਾਂ ਨਾਲ ਅਜਿਹਾ ਨਹੀਂ ਹੋਣਾ ਚਾਹੀਦਾ। ਇਸ ਮੁਸ਼ਕਲ ਸਮੇਂ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।’’ ਉਨ੍ਹਾਂ ਕਿਹਾ, ‘‘ਤਰਸੇਮ ਨੇ ਕਦੇ ਨਹੀਂ ਦੱਸਿਆ ਕਿ ਉਹ ਉਸ (ਘਟਨਾ ਵਾਲੀ) ਸ਼ਾਮ ਏਨਾ ਹਿੰਸਕ ਕਿਉਂ ਹੋ ਗਿਆ ਸੀ, ਪਰ ਖੁਸ਼ੀ ਹੈ ਕਿ ਉਸ ਨੇ ਅਪਰਾਧ ਕਬੂਲ ਕੀਤਾ ਅਤੇ ਹੁਣ ਉਸ ਨੂੰ ਹਿਰਾਸਤੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ।’’