ਚੰਡੀਗੜ੍ਹ, ਉੱਤਰ ਪ੍ਰਦੇਸ਼ ਸਥਿਤ ਵੱਖ-ਵੱਖ ਗੁਰਦੁਆਰਿਆਂ ਦੇ ਨੁਮਾਇੰਦਿਆਂ ਨੇ ਲੰਗਰ ਅਤੇ ਕੜਾਹ-ਪ੍ਰਸਾਦਿ ਤੋਂ ਜੀਐੱਸਟੀ ਹਟਾਉਣ ਦੇ ਮੁੱਦੇ ’ਤੇ ਆਪਣਾ ਪੱਖ ਰੱਖਣ ਲਈ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਤੋਂ ਮੁਲਾਕਾਤ ਲਈ ਸਮਾਂ ਮੰਗਿਆ ਹੈ।
ਆਲ ਗੁਰਦੁਆਰਾ ਪ੍ਰਬੰਧਕ ਕਮੇਟੀ (ਉੱਤਰ ਪ੍ਰਦੇਸ਼) ਤੇ ਸਮਾਜਵਾਦੀ ਪਾਰਟੀ ਦੇ ਆਗੂ ਬਲਵੰਤ ਸਿੰਘ ਰਾਮੂਵਾਲੀਆ ਨੇ ਇਸ ਸਬੰਧੀ ਰਾਸ਼ਟਰਪਤੀ ਨੂੰ ਪੱਤਰ ਲਿਖਿਆ ਹੈ। ਸ੍ਰੀ ਰਾਮੂਵਾਲੀਆ ਮੁਤਾਬਕ ਯੂਪੀ ਸਥਿਤ ਗੁਰਦੁਆਰਿਆਂ ਦੇ ਨੁਮਾਇੰਦਿਆਂ ਤੇ ਹੋਰਨਾਂ ਧਰਮਾਂ ਦੇ ਆਗੂਆਂ ਉਤੇ ਆਧਾਰਿਤ ਇਕ ਵਫ਼ਦ ਰਾਸ਼ਟਰਪਤੀ ਨੂੰ ਮਿਲ ਕੇ ਇਸ ਮੁੱਦੇ ’ਤੇ ਦਖ਼ਲ ਦੇਣ ਦੀ ਮੰਗ ਕਰੇਗਾ। ਇਸ ਤੋਂ ਪਹਿਲਾਂ ਯੂਪੀ ਆਧਾਰਿਤ ਕਮੇਟੀ ਵੱਲੋਂ ਪ੍ਰਧਾਨ ਆਰ ਐੱਸ ਬੱਗਾ ਦੀ ਅਗਵਾਈ ਹੇਠ ਕਈ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸਹਿਮਤੀ ਬਣੀ ਕਿ ਇਹ ਮੁੱਦਾ ਗੰਭੀਰ ਹੈ ਤੇ ਸਿਰਫ਼ ਸਿੱਖ ਭਾਈਚਾਰੇ ਨਾਲ ਸਬੰਧਤ ਨਾ ਹੋ ਕੇ ਸਰਬ ਸਾਂਝਾ ਹੈ ਕਿਉਂਕਿ ਵੱਖ-ਵੱਖ ਧਰਮਾਂ ਵੱਲੋਂ ਸ਼ਰਧਾਲੂਆਂ ਦੇ ਚੜ੍ਹਾਵੇ ਨਾਲ ਲੰਗਰ ਲਾਏ ਜਾਂਦੇ ਹਨ ਤੇ ਇਸ ਉੱਤੇ ਜੀਐੱਸਟੀ ਲਾਉਣਾ ਤਰਕਸੰਗਤ ਨਹੀਂ।