ਮੁੰਬਈ, 24 ਦਸੰਬਰ

ਛੋਟੇ ਪਰਦੇ ਦੇ ਅਦਾਕਾਰ ਪੰਕਜ ਸਿੰਘ ਨੇ ਕਿਹਾ ਕਿ ਉਸ ਦੇ ਲੜੀਵਾਰ ‘ਤੇਰੀ ਲਾਡਲੀ ਮੈਂ’ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਹੈ। ਕਹਾਣੀ ਇੱਕ ‘ਅਣਚਾਹੀ ਗੂੰਗੀ’ ਲੜਕੀ ਦੇ ਦੁਆਲੇ ਘੁੰਮਦੀ ਹੈ, ਜੋ ਪਿਤਾ ਦੀ ਪ੍ਰਵਾਨਗੀ ਲਈ ਤਰਸਦੀ ਹੈ ਅਤੇ ਕਈ ਤਰ੍ਹਾਂ ਦੇ ਅੜਿੱਕਿਆਂ ਨੂੰ ਦੂਰ ਕਰਨ ਲਈ ਹੰਭਲਾ ਮਾਰਦੀ ਹੈ। ਪੰਕਜ ਨੇ ਇਸ ਲੜੀਵਾਰ ਵਿੱਚ ਲੜਕੀ ਦੇ ਪਿਤਾ ਦੀ ਭੂਮਿਕਾ ਨਿਭਾਈ ਹੈ। ਪੰਕਜ ਨੇ ਦੱਸਿਆ, ‘‘ਮੈਂ ਪ੍ਰਤਿਭਾਸ਼ਾਲੀ ਅਦਾਕਾਰ ਹੇਮਾਂਗੀ ਕਵੀ ਦੇ ਉਲਟ ਸੁਰੇਂਦਰ ਯਾਦਵ ਦੀ ਮੁੱਖ ਭੂਮਿਕਾ ਵਿੱਚ ਨਜ਼ਰ ਆਵਾਂਗਾ। ਉਹ ਪਰਿਵਾਰ ’ਚੋਂ ਇਕੱਲਾ ਕਮਾਉਣ ਵਾਲਾ ਹੈ। ਉਸ ਕੋਲ ਮਹਿਜ਼ ਜੱਦੀ ਘਰ ਹੀ ਉਸ ਸੰਪਤੀ ਦੇ ਰੂਪ ਵਿਚ ਮੌਜੂਦ ਹੈ। ਉਸ ਨੂੰ ਇਹੀ ਫ਼ਿਕਰ ਸਤਾਉਂਦਾ ਹੈ ਕਿ ਉਹ ਆਪਣੇ ਪਰਿਵਾਰ ਦੀ ਦੇਖਭਾਲ ਕਿਵੇਂ ਕਰੇਗਾ।’’

ਉਨ੍ਹਾਂ ਅੱਗੇ ਦੱਸਿਆ, ‘‘ਉਹ ਕੱਟੜ ਵਿਚਾਰਾਂ ਵਾਲਾ ਅਤੇ ਪ੍ਰਭਾਵਸ਼ਾਲੀ ਵਿਅਕਤੀ ਹੈ, ਜੋ ਪਰਿਵਾਰ ਵਿੱਚ ਦੂਜੀ ਲੜਕੀ ਨਹੀਂ ਚਾਹੁੰਦਾ ਹੈ। ਲੜੀਵਾਰ ਦਾ ਵਿਸ਼ਾ ਬਹੁਤ ਸੰਵੇਦਨਸ਼ੀਲ ਹੈ। ਇਹ ਲੜੀਵਾਰ ਮਜ਼ਬੂਤ ਸੁਨੇਹਾ ਦਿੰਦਾ ਹੈ। ਜਦੋਂ ਮੈਨੂੰ ਇਸ ਭੂਮਿਕਾ ਬਾਰੇ ਪੁੱਛਿਆ ਗਿਆ ਤਾਂ ਮੈਂ ਤੁਰੰਤ ਹਾਂ ਕਰ ਦਿੱਤੀ। ਮੈਂ ਸ਼ੋਅ ਵਿੱਚ ਸੁਰੇਂਦਰ ਦੀ ਭੂਮਿਕਾ ਕਰਕੇ ਬਹੁਤ ਖ਼ੁਸ਼ ਹਾਂ।’’ ‘ਤੇਰੀ ਲਾਡਲੀ ਮੈਂ’ ਦਾ ਪ੍ਰੀਮੀਅਰ ਸਟਾਰ ਭਾਰਤ ’ਤੇ ਅਗਲੇ ਸਾਲ ਪੰਜ ਜਨਵਰੀ ਨੂੰ ਵਿਖਾਇਆ ਜਾਵੇਗਾ।