ਮਾਨ ਦੇ ਇਲਜ਼ਾਮ ਬੇਬੁਨਿਆਦ ਤੇ ਸੌੜੀ ਸੋਚ ਦਾ ਮੁਜ਼ਾਹਰਾ: ਖਹਿਰਾ
ਚੰਡੀਗੜ੍ਹ, ਆਮ ਆਦਮੀ ਪਾਰਟੀ (ਆਪ) ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਸੰਧੂ-ਖਹਿਰਾ ਜੋੜੀ ਵੱਲੋਂ ਪੈਦਾ ਕੀਤਾ ਵਿਵਾਦ ਦਿੱਲੀ ਤੇ ਪੰਜਾਬ ਵਿਚਕਾਰ ਨਹੀਂ, ਸਗੋਂ ਸੁਖਪਾਲ ਸਿੰਘ ਖਹਿਰਾ ਦੀ ਵਿਰੋਧੀ ਧਿਰ ਦੇ ਆਗੂ ਦੀ ਕੁਰਸੀ ਖੁੱਸਣ ਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸੁਖਪਾਲ ਖਹਿਰਾ ਵਿਰੋਧੀ ਧਿਰ ਦੇ ਆਗੂ ਸਨ, ਉਸ ਵੇਲੇ ਤਕ ਪੰਜਾਬ ਦੀ ਖ਼ੁਦਮੁਖਤਿਆਰੀ ਬਰਕਰਾਰ ਸੀ ਪਰ ਜਦੋਂ ਉਨ੍ਹਾਂ ਹੱਥੋਂ ਅਹੁਦਾ ਖੁੱਸਿਆ ਤਾਂ ਉਨ੍ਹਾਂ ਨੂੰ ਪੰਜਾਬ ਦੀ ਯਾਦ ਆ ਗਈ ਹੈ। ਉਨ੍ਹਾਂ ਕਿਹਾ ਵਿਧਾਇਕ ਕੰਵਰ ਸੰਧੂ ਅਤੇ ਸ੍ਰੀ ਖਹਿਰਾ ਕਥਿਤ ਤੌਰ ਉਤੇ ਮੌਕਾਪ੍ਰਸਤ ਆਗੂ ਹਨ, ਇਸ ਲਈ ਉਹ ਉਨ੍ਹਾ ਨਾਲ ਜੁੜੇ 7 ਵਿਧਾਇਕਾਂ ਨੂੰ ਅਪੀਲ ਕਰਦੇ ਹਨ ਕਿ ਇਨ੍ਹਾਂ ਤੋਂ ਬਚਣ ਕਿਉਂਕਿ ਕਿ ਉਹ ਕਿਸੇ ਵੇਲੇ ਵੀ ਉਨ੍ਹਾਂ ਦਾ ਮੁੱਲ ਵੱਟ ਸਕਦੇ ਹਨ। ਸ੍ਰੀ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਹਾਲੇ ਪੰਜਾਬ ਦੇ ਪ੍ਰਧਾਨ ਦਾ ਅਹੁਦਾ ਵਾਪਸ ਨਹੀਂ ਲਿਆ ਪਰ ਇਨ੍ਹਾਂ ਦੋਵਾਂ ਵਿਧਾਇਕਾਂ ਵੱਲੋਂ ਪਾਰਟੀ ਤੋੜਣ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਕਾਰਨ ਉਨ੍ਹਾਂ ਨੂੰ ਇਨ੍ਹਾਂ ਦੀ ਸਾਜ਼ਿਸ਼ ਬੇਨਕਾਬ ਕਰਨ ਲਈ ਮੀਡੀਆ ਅੱਗੇ ਆਉਣਾ ਪਿਆ ਹੈ। ਸ੍ਰੀ ਮਾਨ ਨੇ ਕਿਹਾ ਕਿ ਇਕੱਲਾ ਖਹਿਰਾ ਹੀ ਪੰਜਾਬ ਨਹੀਂ ਹੈ ਅਤੇ ਉਹ ਬੜੀ ਚਲਾਕੀ ਨਾਲ ਕੁਰਸੀ ਖੁੱਸਣ ਦੇ ਮੁੱਦੇ ਨੂੰ ਪੰਜਾਬ ਤੇ ਦਿੱਲੀ ਦੀ ਲੜਾਈ ਬਣਾ ਕੇ ਪਾਰਟੀ ਤੋੜਣ ਦੀ ਸਾਜਿਸ਼ ਰਚ ਰਹੇ ਹਨ। ਉਹ ਸ਼ੁਰੂ ਤੋਂ ਹੀ ਬੈਸਾਂ ਨਾਲ ਰਲ ਕੇ ਪਾਰਟੀ ਦੇ ਕੇਡਰ ਨੂੰ ਲੋਕ ਇਨਸਾਫ਼ ਪਾਰਟੀ ਵੱਲ ਭੇਜ ਰਹੇ ਸਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਦੀ ਥਾਂ ਹਰਪਾਲ ਸਿੰਘ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਹਾਈਕਮਾਂਡ ਨੇ ਨਹੀਂ ਸਗੋਂ 16 ਵਿਧਾਇਕਾਂ ਦੀ ਸਹਿਮਤੀ ਲੈ ਕੇ ਬਣਾਇਆ ਹੈ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰਾਹ ਅਪਣਾ ਲਿਆ ਹੈ ਕਿਉਂਕਿ ਜਿਵੇਂ ਸ੍ਰੀ ਮੋਦੀ ਦੀ ਹਾਮੀ ਨਾ ਭਰਨ ਵਾਲੇ ਨੂੰ ਦੇਸ਼ਧਰੋਹੀ ਐਲਾਨਿਆ ਜਾ ਰਿਹਾ ਹੈ, ਉਸੇ ਤਰ੍ਹਾਂ ਖਹਿਰਾ ਆਪਣੇ ਦੇ ਧੜੇ ਵਿੱਚ ਸ਼ਾਮਲ ਨਾ ਹੋਣ ਵਾਲਿਆਂ ਨੂੰ ਬੇਗੈਰਤ ਪੰਜਾਬੀ ਗਰਦਾਨ ਰਹੇ ਹਨ। ਇਸੇ ਨੀਤੀ ਤਹਿਤ ਹੀ ਉਹ ਇੱਕ ਪਾਸੇ ਵਿਧਾਇਕਾਂ ਨੂੰ ਪਿੰਡਾਂ ਵਿੱਚ ਨਾ ਵੜਣ ਦੇਣ ਦੀਆਂ ਭਬਕੀਆਂ ਮਾਰ ਰਹੇ ਹਨ ਅਤੇ ਦੂਸਰੇ ਪਾਸੇ ਮਹਿਲਾ ਵਿਧਾਇਕਾਂ ਵਿਰੁੱਧ ਸ਼ੋਸ਼ਲ ਮੀਡੀਆ ’ਤੇ ਭੱਦੀਆਂ ਕਾਰਵਾਈਆਂ ਕਰਵਾ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਸ੍ਰੀ ਖਹਿਰਾ ਕਾਂਗਰਸ ਪਾਰਟੀ ਵਿੱਚ ਸਨ ਤਾਂ ਉਸ ਵੇਲੇ ਉਨ੍ਹਾਂ ਦੇ ਹਿਰਦੇ ਅੰਦਰ ਪੰਜਾਬੀਅਤ ਕਿਉਂ ਨਹੀਂ ਜਾਗੀ। ਸ੍ਰੀ ਮਾਨ ਨੇ ਦੋਸ਼ ਲਾਇਆ ਕਿ ਸ੍ਰੀ ਖਹਿਰਾ ਜਿਹੜੀ ਵੀ ਪਾਰਟੀ ਵਿੱਚ ਰਹੇ ਹਨ, ਉਹ ਉਸੇ ਪਾਰਟੀ ਦੇ ਪ੍ਰਧਾਨ ਨੂੰ ਨਿੰਦਣ ਦੇ ਆਦੀ ਹਨ। ਜਦੋਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ੍ਰੀ ਖਹਿਰਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਇਆ ਸੀ ਤਾਂ ਉਹ ਗੁਲਦਸਤਾ ਲੈ ਕੇ ਗਏ ਅਤੇ ਜਦੋਂ ਹੁਣ ਅਹੁਦੇ ਤੋਂ ਹਟਾਇਆ ਤਾਂ ਕੇਜਰੀਵਾਲ ਨੂੰ ਤਾਨਾਸ਼ਾਹ ਦੱਸ ਰਹੇ ਹਨ। ਉਨ੍ਹਾਂ ਕਿਹਾ ਕਿ ਸ੍ਰੀ ਖਹਿਰਾ ਕੁਝ ਐਨਆਰਆਈਜ਼ ਨੂੰ ਗੁਮਰਾਹ ਕਰਕੇ ਵਿਧਾਇਕਾਂ ਨੂੰ ਧਮਕੀਆਂ ਦਿਵਾ ਰਹੇ ਹਨ ਅਤੇ ਜੇ ਉਹ ਅਜਿਹੀਆਂ ਕਾਰਵਾਈਆਂ ਤੋਂ ਬਾਜ ਨਾ ਆਏ ਤਾਂ ਪਾਰਟੀ ਨੂੰ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਵੇਗਾ। ਉਨ੍ਹ ਕਿਹਾ ਕਿ ਸ੍ਰੀ ਖਹਿਰਾ ਵਾਲੰਟੀਅਰਾਂ ਦੀ ਦੁਹਾਈ ਦੇ ਰਹੇ ਹਨ ਪਰ ਬਠਿੰਡਾ ਕਨਵੈਨਸ਼ਨ ਵਿੱਚ ਉਨ੍ਹਾਂ ਸਟੇਜ ’ਤੇ ਲਿਆਉਣ ਲਈ ਕੇਵਲ ਆਪਣੇ ਪੁੱਤਰ ਨੂੰ ਹੀ ਤਰਜੀਹ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੰਵਰ ਸੰਧੂ ਵੀ ਹੁਣ ਵਾਲੰਟੀਅਰਾਂ ਦੇ ਹਿੱਤਾਂ ਦੀ ਦੁਹਾਈ ਦੇ ਰਹੇ ਹਨ ਪਰ ਉਨ੍ਹਾਂ ਅੜੀ ਕਰਕੇ ਖਰੜ ਹਲਕੇ ਤੋਂ ਟਿਕਟ ਲੈਣ ਲਈ ਨਰਿੰਦਰ ਸ਼ੇਰਗਿੱਲ ਸਮੇਤ ਕਈ ਵਾਲੰਟੀਅਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਸੀ। ਉਨ੍ਹਾਂ ਸੰਧੂ-ਖਹਿਰਾ ਜੋੜੀ ਨੂੰ ਚੁਣੌਤੀ ਦਿੱਤੀ ਕਿ ਉਹ ਵਿਧਾਇਕੀ ਤੋਂ ਅਸਤੀਫ਼ੇ ਦੇ ਕੇ ਪੰਜਾਬ ਦੀ ਖ਼ੁਦਮੁਖਤਿਆਰੀ ਦਾ ਝੰਡਾ ਫੜਣ ਦੀ ਹਿੰਮਤ ਦਿਖਾਉਣ। ਸ੍ਰੀ ਮਾਨ ਨੇ ਕਿਹਾ ਕਿ ਉਹ ਪਾਰਟੀ ਨੂੰ ਟੁੱਟਣ ਤੋਂ ਬਚਾਉਣ ਲਈ ਅੱਜ ਤੋਂ ਹੀ ਪੰਜਾਬ ਵਿੱਚ ਡੱਟ ਗਏ ਹਨ। ਬਰਨਾਲਾ ਦੇ ਵਿਧਾਇਕ ਮੀਤ ਹੇਅਰ ਨੇ ਕਿਹਾ ਕਿ ਕੰਵਰ ਸੰਧੂ ਨੇ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਤੋਂ ਵਿਰੋਧੀ ਧਿਰ ਦਾ ਅਹੁਦਾ ਮੰਗਿਆ ਸੀ ਤੇ ਸ੍ਰੀ ਖਹਿਰਾ ਨੂੰ ਨਾਲ ਨਜਿੱਠਣ ਦਾ ਵੀ ਭਰੋਸਾ ਦਿੱਤਾ ਸੀ। ਇਸ ਮੌਕੇ ਯੂਥ ਵਿੰਗ ਦੇ ਪ੍ਰਧਾਨ ਮਨਜਿੰਦਰ ਸਿੰਘ ਸਿੱਧੂ ਤੇ ਨਰਿੰਦਰ ਸਿੰਘ ਸ਼ੇਰਗਿੱਲ ਆਦਿ ਵੀ ਮੌਜੂਦ ਸਨ। ਇਸ ਦੌਰਾਨ ਹੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਭਗਵੰਤ ਮਾਨ ਵੱਲੋਂ ਲਗਾਏ ਗਏ ਇਲਜ਼ਾਮ ਨਾ ਕੇਵਲ ਬੇਬੁਨਿਆਦ ਹਨ ਬਲਕਿ ਉਨ੍ਹਾਂ ਦੀ ਤੰਗ ਦਿਲ ਸੋਚ ਦਾ ਮੁਜ਼ਾਹਰਾ ਵੀ ਹਨ। ਉਨ੍ਹਾਂ ਨੇ ਸ੍ਰੀ ਮਾਨ ਨੂੰ ਹਮੇਸ਼ਾ ਆਪਣਾ ਛੋਟਾ ਭਰਾ ਸਮਝਿਆ ਹੈ ਪਰ ਸੰਸਦ ਮੈਂਬਰ ਨੇ ਬਿਨਾਂ ਕਿਸੇ ਤੱਥ ਦੇ ਉਨ੍ਹਾਂ ਉੱਪਰ ਗੰਭੀਰ ਇਲਜ਼ਾਮ ਲਗਾਏ ਹਨ ਜੋ ਉਨ੍ਹਾਂ ਦੀ ਬੁਖਲਾਹਟ ਦੀ ਨਿਸ਼ਾਨੀ ਹਨ। ਉਹ ਭਲਕੇ ਸ੍ਰੀ ਮਾਨ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦੇਣਗੇ। ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਸ੍ਰੀ ਮਾਨ ਕਾਂਗਰਸ ਦੇ ਹੱਥ ਠੋਕੇ ਵਜੋਂ ਕੰਮ ਕਰ ਰਹੇ ਹਨ ਜਿਸ ਨਾਲ ਪਾਰਟੀ ਦੀ ਕੌਮੀ ਲੀਡਰਸ਼ਿਪ ਗੱਠਜੋੜ ਕਰਨ ਜਾ ਰਹੀ ਹੈ।
ਖਹਿਰਾ ਧੜੇ ਵੱਲੋਂ 8 ਮੈਂਬਰੀ ਪੀਏਸੀ ਦਾ ਐਲਾਨ
ਆਮ ਆਦਮੀ ਪਾਰਟੀ (ਆਪ) ਦੇ ਬਾਗੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਧੜੇ ਨੇ ਪੰਜਾਬ ਲਈ ਅੱਠ ਮੈਂਬਰੀ ਐਡਹਾਕ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ) ਦਾ ਐਲਾਨ ਕਰ ਦਿੱਤਾ ਹੈ। ਇਸ 8 ਮੈਂਬਰੀ ਕਮੇਟੀ ਵਿੱਚ ਵਿਧਾਇਕ ਸ੍ਰੀ ਖਹਿਰਾ, ਕੰਵਰ ਸੰਧੂ, ਨਾਜ਼ਰ ਸਿੰਘ ਮਾਨਸ਼ਾਹੀਆ, ਜਗਦੇਵ ਸਿੰਘ ਕਮਾਲੂ, ਮਾਸਟਰ ਬਲਦੇਵ ਸਿੰਘ, ਪਿਰਮਲ ਸਿੰਘ ਖਾਲਸਾ, ਜਗਤਾਰ ਸਿੰਘ ਜੱਗਾ ਹਿੱਸੋਵਾਲ ਅਤੇ ਜੈ ਕ੍ਰਿਸ਼ਨ ਰੋੜੀ ਸ਼ਾਮਲ ਹਨ। ਸ੍ਰੀ ਮਾਨਸ਼ਾਹੀਆ ਨੂੰ ਕਮੇਟੀ ਦੇ ਮੈਂਬਰ ਸਕੱਤਰ ਨਾਮਜ਼ਦ ਕੀਤਾ ਹੈ। ਸ੍ਰੀ ਸੰਧੂ ਨੇ ਦੱਸਿਆ ਕਿ ਇਸ ਕਮੇਟੀ ਵਿੱਚ ਅੱਠ ਸਪੈਸ਼ਲ ਇਨਵਾਇਟੀ ਵਜੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਦਲਜੀਤ ਸਿੰਘ ਸਦਰਪੁਰਾ, ਸ੍ਰੀ ਐਨ.ਐਸ.ਚਾਹਲ, ਦੀਪਕ ਬਾਂਸਲ, ਪਰਮਜੀਤ ਸਿੰਘ ਸਚਦੇਵਾ, ਪ੍ਰਗਟ ਸਿੰਘ ਚੁਗਾਵਾਂ, ਸੁਰੇਸ਼ ਸ਼ਰਮਾ ਅਤੇ ਕਰਮਜੀਤ ਕੌਰ ਸ਼ਾਮਲ ਕੀਤੇ ਹਨ। ਕਾਰਜਕਾਰਨੀ ਕਮੇਟੀ ਦਾ ਐਲਾਨ ਵੀ ਜਲਦ ਕੀਤਾ ਜਾਵੇਗਾ। ਸੂਬਾ ਪ੍ਰਧਾਨ ਦੀ ਨਿਯੁਕਤੀ ਸਮੇਤ ਸਮੁੱਚੇ ਸਿਆਸੀ ਢਾਂਚੇ ਦਾ ਪੁਨਰਗਠਨ ਪੀਏਸੀ ਦੀ ਨਿਗਰਾਨੀ ਵਿੱਚ ਕੀਤਾ ਜਾਵੇਗਾ। ਸ੍ਰੀ ਸੰਧੂ ਨੇ ਕਿਹਾ ਕਿ ਇਹ ਸਮੁੱਚੀ ਪ੍ਰਕਿਰਿਆ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸੋਚ ਵਾਲੇ ਸਵਰਾਜ ਦੀ ਤਰਜ਼ ਉੱਪਰ ਪੂਰੀ ਕੀਤੀ ਜਾਵੇਗੀ।