ਕੈਲਗਰੀ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ ਬੀਤੇ ਸ਼ੁੱਕਰਵਾਰ ਨੂੰ ਪੈਦਲ ਸਕੂਲ ਜਾਂਦੀ ਇਕ 11 ਸਾਲਾ ਲੜਕੀ ਦਾ ਕੈਂਚੀ ਨਾਲ ਹਿਜਾਬ ਕੱਟਣ ਦੀ ਕੋਸ਼ਿਸ਼ ਕਰਨ ਦੀ ਘਟਨਾ ਸਾਹਮਣੇ ਆਈ ਸੀ। ਇਸ ਘਟਨਾ ਨੂੰ ਲੈ ਕੇ ਲੋਕਾਂ ਨੂੰ ਰੋਸ ਹੈ ਅਤੇ ਕੈਲਗਰੀ ਦਾ ਮੁਸਲਿਮ ਭਾਈਚਾਰੇ ਦੇ ਮੈਂਬਰ ਲੜਕੀ ਦੇ ਹੱਕ ਵਿਚ ਆਏ ਹਨ। ਮੁਸਲਿਮ ਭਾਈਚਾਰੇ ਦੇ ਮੈਂਬਰਾਂ ਵਲੋਂ ਕਿਹਾ ਗਿਆ ਕਿ ਸਕੂਲੀ ਲੜਕੀ ਨਾਲ ਅਜਿਹੀ ਘਟਨਾ ਦਾ ਵਾਪਰਨਾ ਮੰਦਭਾਗਾ ਹੈ ਅਤੇ ਅਸੀਂ ਇਸ ਘਟਨਾ ਦਾ ਪੁਰਜ਼ੋਰ ਵਿਰੋਧ ਕਰਦੇ ਹਾਂ। 
ਦੱਸਣਯੋਗ ਹੈ ਕਿ ਖਾਹਵਲਾ ਨੌਮਨ ਨਾਂ ਦੀ 11 ਸਾਲਾ ਲੜਕੀ ਦਾ ਇਕ ਹਮਲਾਵਰ ਵਲੋਂ ਕੈਂਚੀ ਨਾਲ ਹਿਜਾਬ ਕੱਟਣ ਦੀ ਦੋ ਵਾਰ ਕੋਸ਼ਿਸ਼ ਕੀਤੀ ਗਈ ਸੀ। ਪੁਲਸ ਇਸ ਪੂਰੇ ਮਾਮਲੇ ਨੂੰ ਨਫਰਤ ਅਪਰਾਧ ਵਜੋਂ ਦੇਖ ਰਹੀ ਹੈ ਅਤੇ ਸ਼ੱਕੀ ਦੀ ਭਾਲ ‘ਚ ਜੁੱਟੀ ਹੋਈ ਹੈ। ਲੜਕੀ ਨਾਲ ਵਾਪਰੀ ਅਜਿਹੀ ਘਟਨਾ ਤੋਂ ਬਾਅਦ ਲੋਕ ਹੈਰਾਨ ਹਨ। ਕੈਲਗਰੀ ਦੇ ਮੁਸਲਿਮ ਭਾਈਚਾਰੇ ਦੇ ਮੈਂਬਰਾਂ ਨੇ ਕਿਹਾ ਕਿ ਇਹ ਘਟਨਾ ਬਹੁਤ ਹੀ ਪਰੇਸ਼ਾਨ ਕਰਨ ਵਾਲੀ ਹੈ। ਉੱਥੇ ਹੀ ਇਸ ਘਟਨਾ ਨੂੰ ਲੈ ਕੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਸਾਰਿਆਂ ਲਈ ਸਵਾਗਤਯੋਗ ਦੇਸ਼ ਹੈ ਅਤੇ ਦੇਸ਼ ‘ਚ ਅਜਿਹੀਆਂ ਘਟਨਾਵਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। 
ਕੈਲਗਰੀ ਦੇ ਹੁਸੈਨੀ ਐਸੋਸੀਏਸ਼ਨ ਦੀ ਰਿਆਜ਼ ਖਵਾਜਾ ਨੇ ਕਿਹਾ ਕਿ ਮੇਰੀ ਵੀ ਇਕ ਧੀ ਹੈ। ਉਹ ਕਹਿੰਦੀ ਹੈ ਕਿ ਇਸ ਭਿਆਨਕ ਘਟਨਾ ਦੀ ਹੋ ਕਲਪਨਾ ਵੀ ਨਹੀਂ ਕਰ ਸਕਦੀ, ਜੋ ਉਸ ਲੜਕੀ ਨਾਲ ਵਾਪਰੀ ਹੈ। ਮੇਰੀ ਬੇਟੀ ਵੀ ਹਿਜਾਬ ਪਹਿਨਦੀ ਹੈ ਅਤੇ ਉਸ ਨੂੰ ਕੋਈ ਸਮੱਸਿਆ ਨਹੀਂ ਹੈ। ਇਸ ਘਟਨਾ ਤੋਂ ਉਹ ਵੀ ਡਰ ਜਾਵੇਗੀ। ਖਵਾਜਾ ਦਾ ਕਹਿਣਾ ਹੈ ਕਿ ਜਨਤਾ ਅਜਿਹੀਆਂ ਘਟਨਾਵਾਂ ਨੂੰ ਰੋਕਣ ‘ਚ ਮਦਦ ਕਰ ਸਕਦੀ ਹੈ।