ਨਵੀਂ ਦਿੱਲੀ, 17 ਦਸੰਬਰ

ਸਰਕਾਰ ਨੇ ਅੱਜ ਸੰਸਦ ਵਿੱਚ ਐਲਾਨ ਕੀਤਾ ਕਿ ਲੜਕੀਆਂ ਲਈ ਵਿਆਹ ਦੀ ਘੱਟੋ-ਘੱਟ ਕਾਨੂੰਨੀ ਉਮਰ ਪੁਰਸ਼ਾਂ ਦੇ ਬਰਾਬਰ 18 ਸਾਲ ਤੋਂ ਵਧਾ ਕੇ 21 ਸਾਲ ਕਰਨ ਦਾ ਬਿੱਲ ਅਤੇ ਚੋਣ ਸੁਧਾਰ ਬਿੱਲ ਲੋਕ ਸਭਾ ਵਿੱਚ ਅਗਲੇ ਹਫ਼ਤੇ ਪੇਸ਼ ਕੀਤੇ ਜਾਣਗੇ। ਲੋਕ ਸਭਾ ਵਿੱਚ ਸੰਸਦੀ ਮਾਮਲਿਆਂ ਬਾਰੇ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਅਗਲੇ ਹਫ਼ਤੇ ਸਦਨ ਵਿੱਚ ਹੋਣ ਵਾਲੇ ਸਰਕਾਰੀ ਕੰਮਕਾਜ ਬਾਰੇ ਜਾਣਕਾਰੀ ਦਿੰਦਿਆਂ ਇਹ ਐਲਾਨ ਕੀਤਾ। ਇਸ ਦੌਰਾਨ ਸੰਸਦ ਨੇ ਸਰੋਗੇਸੀ (ਰੈਗੂਲੇਸ਼ਨ) ਬਿੱਲ 2019 ਨੂੰ ਮਨਜ਼ੂਰੀ ਦੇ ਦਿੱਤੀ। ਇਸ ਵਿੱਚ ਸਰੋਗੇਸੀ ਨੂੰ ਕਾਨੂੰਨੀ ਰੂਪ ਦੇਣ ਤੇ ਇਸ ਦੇ ਵਪਾਰੀਕਰਨ ਨੂੰ ਗੈਰ-ਕਾਨੂੰਨੀ ਬਣਾਉਣ ਦੀ ਵਿਵਸਥਾ ਹੈ।