ਲੌਂਗੋਵਾਲ, 22 ਅਕਤੂਬਰ
ਇਥੇ ਡੇਂਗੂ ਕਾਰਨ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਦੁੱਲਟ ਪੱਤੀ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਸੀ। ਬਜ਼ੁਰਗ ਦਾ ਸਿਵਾ ਹਾਲੇ ਠੰਢਾ ਨਹੀਂ ਹੋਇਆ ਸੀ ਕਿ ਅਗਲੇ ਦਿਨ 16 ਅਕਤੂਬਰ ਨੂੰ ਉਸ ਦਾ 26 ਸਾਲਾ ਪੋਤਰਾ ਗੁਰਵਿੰਦਰ ਸਿੰਘ ਡੇਂਗੂ ਕਾਰਨ ਚੱਲ ਵਸਿਆ। ਪ੍ਰੇਮ ਸਿੰਘ ਦੇ ਭੋਗ ਤੋਂ ਪਹਿਲਾਂ ਅੱਜ 22 ਅਕਤੂਬਰ ਨੂੰ ਉਸ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ ਹੈ। ਦੁੱਲਟ ਪੱਤੀ ਇਲਾਕੇ ਦੇ ਦਰਜ਼ਨਾਂ ਹੋਰ ਲੋਕ ਵੀ ਡੇਂਗੂ ਤੋਂ ਪੀੜਤ ਦੱਸੇ ਜਾ ਰਹੇ ਹਨ। ਇਲਾਕੇ ਦਾ ਦੌਰਾ ਕਰਨ ’ਤੇ ਪਤਾ ਲੱਗਾ ਕਿ ਦੁੱਲਟ ਪੱਤੀ, ਜੈਦ ਪੱਤੀ, ਵੱਡਾ ਵਿਹੜਾ, ਰੰਧਾਵਾ ਪੱਤੀ ਸਮੇਤ ਲੌਂਗੋਵਾਲ ਦਾ ਜ਼ਿਆਦਾਤਰ ਇਲਾਕਾ ਡੇਂਗੂ ਦੇ ਪ੍ਰਭਾਵ ਹੇਠ ਹੈ। ਇਸ ਸਬੰਧ ਵਿੱਚ ਜਦੋਂ ਐੱਸਐੱਮਓ ਡਾ. ਅੰਜੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਭਾਵੇਂ ਕਿ ਪੀੜਤਾਂ ਵਿੱਚੋਂ ਕਿਸੇ ਨੇ ਵੀ ਇਲਾਜ ਲਈ ਪਹੁੰਚ ਨਹੀਂ ਕੀਤੀ ਪਰ ਫੇਰ ਵੀ ਇਸ ਮਾਮਲੇ ਪ੍ਰਤੀ ਬੇਹੱਦ ਗੰਭੀਰ ਹਨ।