* ਦੇਸ਼ ਭਰ ’ਚ ਲੋਕ ਮੁੱਦਿਆਂ ’ਤੇ ਆਧਾਰਿਤ ਰੈਲੀਆਂ ਕਰਨ ਦਾ ਮਤਾ ਪਾਸ

* ਖੜਗੇ ਨੇ ਵਿਰੋਧੀ ਆਗੂਆਂ ਨੂੰ ਛਾਪੇ ਅਤੇ ਗ੍ਰਿਫ਼ਤਾਰੀਆਂ ਲਈ ਤਿਆਰ ਰਹਿਣ ਦਾ ਦਿੱਤਾ ਸੱਦਾ

* ਅਗਲੀ ਮੀਟਿੰਗ ਦਿੱਲੀ ਵਿੱਚ ਹੋਵੇਗੀ

ਮੁੰਬਈ, 2 ਸਤੰਬਰ

ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਨੇ ਜਿਥੋਂ ਤੱਕ ਸੰਭਵ ਹੋਵੇ 2024 ਦੀਆਂ ਲੋਕ ਸਭਾ ਚੋਣਾਂ ਰਲ ਕੇ ਲੜਨ ਦਾ ਅਹਿਦ ਲਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਉਹ ਭਾਜਪਾ ਨੂੰ ਆਸਾਨੀ ਨਾਲ ਚੋਣਾਂ ’ਚ ਹਰਾ ਦੇਣਗੇ। ਇਥੇ ਹੋਈ ਦੋ ਦਿਨੀਂ ਮੀਟਿੰਗ ਦੌਰਾਨ ਵਿਰੋਧੀ ਧਿਰਾਂ ਦੇ ਆਗੂਆਂ ਨੇ ਕਿਹਾ ਕਿ ਸੂਬਿਆਂ ’ਚ ਸੀਟਾਂ ਦੀ ਵੰਡ ਦਾ ਮਾਮਲਾ ‘ਲੈਣ-ਦੇਣ’ ਦੀ ਭਾਵਨਾ ਨਾਲ ਫੌਰੀ ਨੇਪਰੇ ਚਾੜ੍ਹ ਲਿਆ ਜਾਵੇਗਾ। ਚੋਣਾਂ ਛੇਤੀ ਕਰਾਉਣ ਦੀਆਂ ਕਿਆਸਾਂ ਅਤੇ ‘ਇਕ ਰਾਸ਼ਟਰ, ਇਕ ਚੋਣ’ ਕਰਾਉਣ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਰਕਾਰ ਵੱਲੋਂ ਕਮੇਟੀ ਦੇ ਗਠਨ ਦਰਮਿਆਨ ਵਿਰੋਧੀ ਧਿਰਾਂ ਦੇ ਆਗੂਆਂ ਨੇ 14 ਮੈਂਬਰੀ ਤਾਲਮੇਲ ਕਮੇਟੀ ਬਣਾਉਣ ਸਮੇਤ ਕਈ ਅਹਿਮ ਫ਼ੈਸਲੇ ਲਏ। ਇਹ ਕਮੇਟੀ ਗੱਠਜੋੜ ਦੇ ਫ਼ੈਸਲੇ ਲਏਗੀ ਅਤੇ ਸੀਟਾਂ ਦੀ ਵੰਡ ਲਈ ਕੰਮ ਆਰੰਭੇਗੀ। ਐੱਨਸੀਪੀ (ਸ਼ਰਦ ਪਵਾਰ ਧੜਾ) ਦੀ ਆਗੂ ਸੁਪ੍ਰਿਯਾ ਸੂਲੇ ਨੇ ਕਿਹਾ ਕਿ ‘ਇੰਡੀਆ’ ਗੱਠਜੋੜ ਦੀ ਅਗਲੀ ਮੀਟਿੰਗ ਦਿੱਲੀ ’ਚ ਹੋਵੇਗੀ। ਇਥੇ ਮੀਟਿੰਗ ਦੌਰਾਨ ਪਾਸ ਕੀਤੇ ਗਏ ਮਤੇ ’ਚ ‘ਇੰਡੀਆ’ ਨੇ ਕਿਹਾ ਕਿ ਉਨ੍ਹਾਂ ਆਉਂਦੀਆਂ ਲੋਕ ਸਭਾ ਚੋਣਾਂ ਜਿਥੋਂ ਤੱਕ ਸੰਭਵ ਹੋਵੇ, ਰਲ ਕੇ ਲੜਨ ਦਾ ਅਹਿਦ ਲਿਆ ਹੈ। ਸੂਤਰਾਂ ਨੇ ਕਿਹਾ ਕਿ ਸੀਟਾਂ ਦੀ ਵੰਡ ਨੂੰ 30 ਸਤੰਬਰ ਤੱਕ ਅੰਤਿਮ ਰੂਪ ਦੇ ਦਿੱਤਾ ਜਾਵੇਗਾ। ਮਤੇ ’ਚ ਕਿਹਾ ਗਿਆ ਹੈ ਕਿ ਪਾਰਟੀਆਂ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ’ਚ ਲੋਕਾਂ ਨਾਲ ਸਬੰਧਤ ਮੁੱਦਿਆਂ ’ਤੇ ਰੈਲੀਆਂ ਵੀ ਕੀਤੀਆਂ ਜਾਣਗੀਆਂ। ਵਿਰੋਧੀ ਧਿਰਾਂ ਦੇ ਗੱਠਜੋੜ ਨੇ ‘ਜੁੜੇਗਾ ਭਾਰਤ, ਜਿੱਤੇਗਾ ਇੰਡੀਆ’ ਥੀਮ ’ਤੇ ਵੱਖ ਵੱਖ ਭਾਸ਼ਾਵਾਂ ’ਚ ਮੀਡੀਆ ਰਣਨੀਤੀਆਂ ਅਤੇ ਪ੍ਰਚਾਰ ਮੁਹਿੰਮਾਂ ਇਕੱਠਿਆਂ ਚਲਾਉਣ ਦਾ ਵੀ ਅਹਿਦ ਲਿਆ ਹੈ। ਵਿਰੋਧੀ ਧਿਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ,‘‘ਇੰਡੀਆ ਦੀ ਤਾਕਤ ਨਾਲ ਸਰਕਾਰ ਘਬਰਾ ਗਈ ਹੈ ਅਤੇ ਗੱਠਜੋੜ ਦੇ ਭਾਈਵਾਲਾਂ ਨੂੰ ਬਦਲਾਖੋਰੀ ਵਾਲੀ ਸਿਆਸਤ ਲਈ ਤਿਆਰ ਰਹਿਣਾ ਚਾਹੀਦਾ ਹੈ ਕਿਉਂਕਿ ਸਾਡੇ ਖ਼ਿਲਾਫ਼ ਏਜੰਸੀਆਂ ਦੀ ਦੁਰਵਰਤੋਂ ਹੋਰ ਵੱਧ ਹੋਵੇਗੀ। ਆਉਂਦੇ ਮਹੀਨਿਆਂ ’ਚ ਛਾਪੇ ਅਤੇ ਗ੍ਰਿਫ਼ਤਾਰੀਆਂ ਵਧਣਗੀਆਂ। ਸਾਡੇ ਗੱਠਜੋੜ ਦਾ ਜਿੰਨਾ ਆਧਾਰ ਵਧੇਗਾ, ਭਾਜਪਾ ਸਰਕਾਰ ਸਾਡੇ ਆਗੂਆਂ ਖ਼ਿਲਾਫ਼ ਓਨੀ ਹੀ ਏਜੰਸੀਆਂ ਦੀ ਦੁਰਵਰਤੋਂ ਕਰੇਗੀ।’’ ਖੜਗੇ ਨੇ ਸਰਕਾਰ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਅਤੇ ਆਰਐੱਸਐੱਸ ਨੇ ਪਿਛਲੇ ਨੌਂ ਸਾਲਾਂ ਤੋਂ ਫਿਰਕੂ ਜ਼ਹਿਰ ਫੈਲਾਇਆ ਹੈ ਜੋ ਬੇਕਸੂਰ ਰੇਲ ਮੁਸਾਫ਼ਰਾਂ ਅਤੇ ਸਕੂਲੀ ਬੱਚਿਆਂ ਖ਼ਿਲਾਫ਼ ਨਫ਼ਰਤੀ ਅਪਰਾਧ ’ਚ ਤਬਦੀਲ ਹੋ ਗਿਆ ਹੈ। ਉਨ੍ਹਾਂ ਦਾ ਇਸ਼ਾਰਾ ਰੇਲਵੇ ਪੁਲੀਸ ਕਾਂਸਟੇਬਲ ਵੱਲੋਂ ਪਿਛਲੇ ਮਹੀਨੇ ਗੱਡੀ ’ਚ ਲੋਕਾਂ ’ਤੇ ਕੀਤੀ ਗਈ ਅੰਨ੍ਹੇਵਾਹ ਗੋਲੀਬਾਰੀ ਅਤੇ ਮੁਜ਼ੱਫਰਨਗਰ ਦੇ ਸਕੂਲ ’ਚ ਜਮਾਤੀਆਂ ਵੱਲੋਂ ਮੁਸਲਿਮ ਸਹਿਪਾਠੀ ਨੂੰ ਥੱਪੜ ਮਾਰਨ ਦੀਆਂ ਘਟਨਾਵਾਂ ਵੱਲ ਸੀ। ਆਪਣੇ ਸੰਬੋਧਨ ’ਚ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਪਟਨਾ ਅਤੇ ਬੰਗਲੂਰੂ ’ਚ ਹੋਈਆਂ ਸਫ਼ਲ ਮੀਟਿੰਗਾਂ ਦਾ ਅਸਰ ਇੰਨਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨੇ ਨਾ ਸਿਰਫ਼ ਆਪਣੇ ਭਾਸ਼ਨ ’ਚ ‘ਇੰਡੀਆ’ ’ਤੇ ਹਮਲਾ ਕੀਤਾ ਸਗੋਂ ਮੁਲਕ ਦੇ ਨਾਮ ਦੀ ਤੁਲਨਾ ਦਹਿਸ਼ਤੀ ਜਥੇਬੰਦੀ ਅਤੇ ਗੁਲਾਮੀ ਦੇ ਪ੍ਰਤੀਕ ਨਾਲ ਵੀ ਕੀਤੀ। ਮੀਟਿੰਗ ’ਚ ਸੋਨੀਆ ਗਾਂਧੀ, ਰਾਹੁਲ ਗਾਂਧੀ, ਐੱਨਸੀਪੀ ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂਬੀਟੀ) ਮੁਖੀ ਊਧਵ ਠਾਕਰੇ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਤੇ ਟੀਐੱਮਸੀ ਮੁਖੀ ਮਮਤਾ ਬੈਨਰਜੀ, ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ, ਆਰਜੇਡੀ ਸੁਪਰੀਮੋ ਲਾਲੂ ਪ੍ਰਸਾਦ, ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਤੇ ਉਮਰ ਅਬਦੁੱਲਾ, ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ, ਸੀਪੀਐੱਮ ਦੇ ਸੀਤਾਰਾਮ ਯੇਚੁਰੀ, ਸੀਪੀਆਈ ਦੇ ਡੀ ਰਾਜਾ, ਸੀਪੀਆਈ (ਐੱਮਐੱਲ) ਆਗੂ ਦੀਪਾਂਕਰ ਭੱਟਾਚਾਰੀਆ, ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਮ ਮੁੱਖ ਮੰਤਰੀ ਤੇਜਸਵੀ ਯਾਦਵ, ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ, ਰਾਜ ਸਭਾ ’ਚ ਆਜ਼ਾਦ ਮੈਂਬਰ ਕਪਿਲ ਸਿੱਬਲ ਅਤੇ ਆਰਐੱਲਡੀ ਦੇ ਜੈਯੰਤ ਚੌਧਰੀ ਸਮੇਤ ਹੋਰ ਆਗੂ ਹਾਜ਼ਰ ਸਨ। ਮੀਟਿੰਗ ਤੋਂ ਪਹਿਲਾਂ ‘ਇੰਡੀਆ’ ਗੱਠਜੋੜ ਦੇ ਆਗੂਆਂ ਨੇ ਸਾਂਝੀ ਤਸਵੀਰ ਖਿਚਵਾਈ। ਆਗੂਆਂ ਨੇ ਮਤਾ ਪਾਸ ਕਰਕੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਲਈ ਇਸਰੋ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੁਲਾੜ ਏਜੰਸੀ ਦੀ ਤਾਕਤ ਅਤੇ ਸਮਰੱਥਾ ਬਣਾਉਣ ’ਚ ਛੇ ਦਹਾਕਿਆਂ ਦਾ ਸਮਾਂ ਲੱਗ ਗਿਆ।