ਨਵੀਂ ਦਿੱਲੀ, 14 ਅਕਤੂਬਰ

ਮੰਨੇ-ਪ੍ਰਮੰਨੇ ਅਦਾਕਾਰ ਪੰਕਜ ਤ੍ਰਿਪਾਠੀ ਦਾ ਕਹਿਣਾ ਹੈ ਕਿ ਵੈੱਬ ਸੀਰੀਜ਼ ‘ਮਿਰਜ਼ਾਪੁਰ’ ਵਿਚਲੇ ਕਾਲੀਨ ਭਈਆ ਦੇ ਕਿਰਦਾਰ ਨੇ ਉਸ ਨੂੰ ਐਨਾ ਮਸ਼ਹੂਰ ਕਰ ਦਿੱਤਾ ਹੈ ਕਿ ਲੋਕ ਇਸੇ ਨਾਂ ਨਾਲ ਬੁਲਾਉਣ ਲੱਗ ਪਏ ਹਨ। ਪੰਕਜ ਨੇ ਕਿਹਾ ਕਿ ਨਿਭਾਏ ਗਏ ਸਾਰੇ ਕਿਰਦਾਰ ਉਸ ਨੂੰ ਪਸੰਦ ਹਨ, ਪਰ ਕਾਲੀਨ ਭਈਆ ਨੂੰ ਲੋਕਾਂ ਨੇ ਕੁਝ ਜ਼ਿਆਦਾ ਹੀ ਪਸੰਦ ਕੀਤਾ ਹੈ। ਪੰਕਜ ਨੇ ਕਿਹਾ ਕਿ ਇਸ ਦਾ ਕਾਰਨ ਸ਼ਾਇਦ ਇਹ ਹੈ ਕਿ ‘ਮਿਰਜ਼ਾਪੁਰ’ ਦੇ ਪਹਿਲੇ ਸੀਜ਼ਨ ਦੌਰਾਨ ਉਸ ਦੀ ਤਸਵੀਰ ਵਾਲੇ ਪੋਸਟਰ ਪੂਰੇ ਮੁਲਕ ਵਿਚ ਲੱਗੇ। ਇਸ ਤੋਂ ਪਹਿਲਾਂ ਚੰਗੀ ਅਦਾਕਾਰੀ ਦੇ ਬਾਵਜੂਦ ਅਜਿਹਾ ਨਹੀਂ ਹੋਇਆ। ਪਹਿਲਾ ਸੀਜ਼ਨ ਦੋ ਕਿਰਦਾਰਾਂ- ਬਬਲੂ ਪੰਡਿਤ (ਵਿਕਰਾਂਤ ਮੈਸੀ) ਤੇ ਸਵੀਟੀ ਗੁਪਤਾ (ਸ਼੍ਰਿਆ ਪਿਲਗਾਓਂਕਰ) ਦੀ ਮੌਤ ਨਾਲ ਖ਼ਤਮ ਹੋਇਆ ਸੀ। ਦੂਜੇ ਸੀਜ਼ਨ ਵਿਚ ਸੀਰੀਜ਼ ਦੇ ਕਿਰਦਾਰ ਬਦਲਾ ਲੈਂਦੇ ਹੋਏ ਨਜ਼ਰ ਆਉਣਗੇ। ਗੁੱਡੂ ਪੰਡਿਤ (ਅਲੀ ਫ਼ਜ਼ਲ) ਤੇ ਗੋਲੂ (ਸ਼ਵੇਤਾ ਤ੍ਰਿਪਾਠੀ) ਕਾਲੀਨ ਭਈਆ ਤੇ ਉਸ ਦੇ ਪੁੱਤਰ ਮੁੰਨਾ ਤ੍ਰਿਪਾਠੀ (ਦਿਵੇਂਦੂ ਸ਼ਰਮਾ) ਨਾਲ ਟੱਕਰ ਲੈਣਗੇ। ‘ਮਿਰਜ਼ਾਪੁਰ’ ਦੇ ਦੂਜੇ ਸੀਜ਼ਨ ਵਿਚ ਰਸਿਕਾ ਦੁੱਗਲ, ਵਿਜੇ ਵਰਮਾ, ਸ਼ੀਬਾ ਚੱਢਾ ਤੇ ਈਸ਼ਾ ਤਲਵਾਰ ਵੀ ਅਹਿਮ ਭੂਮਿਕਾ ਨਿਭਾ ਰਹੇ ਹਨ। ਇਹ 23 ਅਕਤੂਬਰ ਨੂੰ ਰਿਲੀਜ਼ ਹੋਵੇਗਾ।