ਬੋਲਪੁਰ (ਪੱਛਮੀ ਬੰਗਾਲ), 18 ਜੁਲਾਈ
ਲੋਕਤੰਤਰ ਵਿੱਚ ਅਕਸਰ ਸੱਤਾ ਸਾਂਝੇਦਾਰੀ ਦੀ ਲੋੜ ਦਾ ਜ਼ਿਕਰ ਕਰਦਿਆਂ ਨੋਬੇਲ ਪੁਰਸਕਾਰ ਨਾਲ ਸਨਮਾਨਿਤ ਅਰਥਸ਼ਾਸਤਰੀ ਅਮਰਤਯਾ ਸੇਨ ਨੇ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਇਕ ਸੰਘੀ ਮੋਰਚਾ ਬਣਾਉਣ ਦੇ ਸਿਲਸਿਲੇ ਵਿੱਚ ਗੈਰ-ਭਾਜਪਾ ਪਾਰਟੀਆਂ ਵਿਚਾਲੇ ਜਾਰੀ ਚਰਚਾ ਦਾ ਸਵਾਗਤ ਕੀਤਾ ਹੈ।
ਆਪਣੀ ਹਾਲ ਦੀ ਭਾਰਤ ਯਾਤਰਾ ਦੌਰਾਨ ਇੱਥੇ ਆਪਣੇ ਜੱਦੀ ਘਰ ਵਿੱਚ ਇਕ ਇੰਟਰਵਿਊ ’ਚ ਪੀਟੀਆਈ ਨਾਲ ਗੱਲਬਾਤ ਦੌਰਾਨ ਸੇਨ ਨੇ ਕਿਹਾ ਕਿ ਕੇਂਦਰ ਨੂੰ ਮਨੀਪੁਰ ਵਿੱਚ ਸ਼ਾਂਤੀ ਸਥਾਪਤ ਕਰਨ ਲਈ ਪੁਰਜ਼ੋਰ ਤਰੀਕੇ ਨਾਲ ਦਖ਼ਲ ਦੇਣਾ ਚਾਹੀਦਾ ਹੈ। ਸੇਨ (89) ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਲੋਕਤੰਤਰ ਅਕਸਰ ਸੱਤਾ ਸਾਂਝੇਦਾਰੀ ਦੀ ਮੰਗ ਕਰਦਾ ਹੈ ਪਰ ਅਕਸਰ ਬਹੁਮਤ, ਘੱਟ ਵੋਟਾਂ ਹਾਸਲ ਕਰਨ ਵਾਲੀਆਂ ਪਾਰਟੀਆਂ ਨੂੰ ਤਾਕਤ ਹਾਸਲ ਨਹੀਂ ਕਰਨ ਦਿੰਦਾ ਅਤੇ ਘੱਟ ਵੋਟਾਂ ਹਾਸਲ ਕਰਨ ਵਾਲੀਆਂ ਪਾਰਟੀਆਂ ਨੂੰ ਇਕ ਸੰਕਟਪੂਰਨ ਸਥਿਤੀ ਵਿੱਚ ਛੱਡ ਦਿੰਦਾ ਹੈ।’’
ਅਰਥਸ਼ਾਸਤਰੀ-ਦਾਰਸ਼ਨਿਕ ਨੇ ਕਿਹਾ, ‘‘ਮੌਜੂਦਾ ਸਥਿਤੀ ਨੂੰ ਦੇਖਦੇ ਹੋਏ ਵਿਰੋਧੀ ਪਾਰਟੀਆਂ ਲਈ ਸੱਤਾ ਸੰਤੁਲਿਤ ਕਰਨ ਦਾ ਇਕਮਾਤਰ ਤਰੀਕਾ ਕਮਜ਼ੋਰ ਬਣੇ ਰਹਿਣ ਦੀ ਬਜਾਏ ਇਕ-ਦੂਜੇ ਨਾਲ ਖੜ੍ਹੇ ਰਹਿਣਾ ਹੈ।’’ ਸੇਨ ਨੇ ਕਿਹਾ, ‘‘ਪਿਛਲੇ ਮਹੀਨੇ ਪਟਨਾ ਵਿੱਚ ਹੋਈ ਵਿਰੋਧੀ ਧਿਰ ਦੀ ਮੀਟਿੰਗ ਵਿੱਚ ਜੋ ਕੁਝ ਹੋਇਆ, ਉਸ ਤੋਂ ਕੁਝ ਅਜਿਹਾ ਹੀ ਜ਼ਾਹਿਰ ਹੁੰਦਾ ਹੈ।’’ ਬੰਗਲੁਰੂ ਵਿੱਚ ਸੋਮਵਾਰ ਤੇ ਮੰਗਲਵਾਰ ਨੂੰ 24 ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਮੀਟਿੰਗ ਹੋਣ ਵਾਲੀ ਹੈ। ਕਾਂਗਰਸ, ਜਨਤਾ ਦਲ (ਯੂਨਾਈਟਿਡ) ਤੇ ਰਾਸ਼ਟਰੀ ਜਨਤਾ ਦਲ ਤੋਂ ਇਲਾਵਾ ਤ੍ਰਿਣਮੂਲ ਕਾਂਗਰਸ, ਸਮਾਜਵਾਦੀ ਪਾਰਟੀ, ਡੀਐੱਮਕੇ, ‘ਆਪ’, ਸੀਪੀਆਈ (ਐੱਮ), ਸੀਪੀਆਈ, ਸੀਪੀਆਈ (ਐੱਮਐੱਲ), ਸ਼ਿਵ ਸੈਨਾ ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵਰਗੀਆਂ ਵੱਡੀਆਂ ਪਾਰਟੀਆਂ ਮੀਟਿੰਗ ਵਿੱਚ ਸ਼ਾਮਲ ਹੋਣਗੀਆਂ। ਇਸ ਮੀਟਿੰਗ ਵਿੱਚ 2024 ਦੀਆਂ ਲੋਕ ਸਭਾ ਚੋਣਾਂ ’ਚ ਇਕਜੁੱਟ ਹੋ ਕੇ ਲੜਨ ਸਬੰਧੀ ਰਣਨੀਤੀ ਦੀ ਰੂਪ-ਰੇਖਾ ਤਿਆਰ ਕੀਤੇ ਜਾਣ ਦੀ ਆਸ ਹੈ। ਸੇਨ ਨੇ ਮਨੀਪੁਰ ਦੇ ਹਾਲਾਤ ਬਾਰੇ ਕਿਹਾ ਕਿ, ‘‘ਸਿਰਫ ਇਸ ਚੀਜ਼ ਦੀ ਲੋੜ ਹੈ ਕਿ ਕੇਂਦਰ ਸਰਕਾਰ ਨਿਆਂਸੰਗਤ ਤਰੀਕੇ ਨਾਲ ਦਖ਼ਲ ਦੇਵੇ।’’ ਸੂਬੇ ਵਿੱਚ 3 ਮਈ ਤੋਂ ਸ਼ੁਰੂ ਹੋਈ ਜਾਤੀ ਹਿੰਸਾ ਵਿੱਚ 150 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੋਬੇਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਆਸ ਕੀਤੀ ਸੀ ਕਿ ਪ੍ਰਧਾਨ ਮੰਤਰੀ ਮਨੀਪੁਰ ਬਾਰੇ ਨਿਆਂਸੰਗਤ ਤੇ ਸੰਤੁਲਿਤ ਟਿੱਪਣੀ ਕਰਨਗੇ।
ਉਨ੍ਹਾਂ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ਿਲਾਫ਼ ਮਾਣਹਾਨੀ ਮਾਮਲੇ ਬਾਰੇ ਕਿਹਾ ਕਿ ਉਨ੍ਹਾਂ ਨੂੰ ਯਾਦ ਨਹੀਂ ਕਿ ਇਸ ਤਰ੍ਹਾਂ ਦੇ ਮਾਮਲੇ ਵਿੱਚ ਸੰਸਦ ਦੇ ਕਿਸੇ ਮੈਂਬਰ ਨੇ ਕਦੇ ਗ੍ਰਿਫ਼ਤਾਰੀ ਦਾ ਸਾਹਮਣਾ ਕੀਤਾ ਹੋਵੇ ਜਾਂ ਸੰਸਦ ਦੇ ਹੇਠਲੇ ਸਦਨ ਦੀ ਮੈਂਬਰਸ਼ਿਪ ਗੁਆਈ ਹੋਵੇ। ਸੇਨ ਨੇ ਕਿਹਾ, ‘‘ਸਾਡਾ ਇਸ ਦਿਸ਼ਾ ਵੱਲ ਵਧਣਾ ਭਾਰਤ ਲਈ ਬਹੁਤ ਮੰਦਭਾਗਾ ਹੋ ਸਕਦਾ ਹੈ।’’
ਅਰਥਸ਼ਾਸਤਰੀ ਨੇ ਕਿਹਾ ਕਿ ਉਨ੍ਹਾਂ ਨੂੰ ਹੈਰਾਨੀ ਹੋਵੇਗੀ ਜੇਕਰ ਸਾਂਝੇ ਸਿਵਲ ਕੋਡ ਦੀ ਰਚਨਾਤਮਕ ਭੂਮਿਕਾ ਹੋਵੇਗੀ। ਸੇਨ ਨੇ ਕਿਹਾ ਕਿ ਸਾਂਝੇ ਸਿਵਲ ਕੋਡ ਰਾਹੀਂ ਜੋ ਕੁਝ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਦੇ ਸੰਭਾਵੀ ਨਕਾਰਾਤਮਕ ਨਤੀਜਿਆਂ ਨੂੰ ਲੈ ਕੇ ਉਹ ਚਿੰਤਤ ਹਨ।