ਮੁੰਬਈ, 14 ਅਪਰੈਲ

‘ਦਿ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਦੇ ਨਿਰਦੇਸ਼ਕ ਵਿਜੈ ਗੁਟੇ ਦੀ ਆਉਣ ਵਾਲੀ ਵੈੱਬ ਸੀਰੀਜ਼ ‘ਲਿਗੇਸੀ’ ਵਿੱਚ ਅਦਾਕਾਰ ਅਕਸ਼ੈ ਖੰਨਾ ਤੇ ਰਵੀਨਾ ਟੰਡਨ ਇਕ-ਦੂਜੇ ਦੇ ਵਿਰੋਧੀ ਦੀਆਂ ਭੂਮਿਕਾਵਾਂ ਵਿਚ ਨਜ਼ਰ ਆਉਣਗੇ। ਇਸ ਤੋਂ ਪਹਿਲਾਂ ਇਹ ‘ਜੋੜੀ’ ਜੇਪੀ ਦੱਤਾ ਦੀ ਸਾਲ 2003 ਵਿੱਚ ਆਈ ਫ਼ਿਲਮ ‘ਐੱਲਓਸੀ: ਕਾਰਗਿੱਲ’ ਵਿਚ ਨਜ਼ਰ ਆਈ ਸੀ। ਵੈੱਬ ਸੀਰੀਜ਼ ‘ਲੈਗੇਸੀ’ ਨਾਲ ਅਦਾਕਾਰ ਅਕਸ਼ੈ ਖੰਨਾ ਡਿਜੀਟਲ ਪਲੈਟਫਾਰਮ ਵਿੱਚ ਪੈਰ ਧਰਨ ਜਾ ਰਿਹਾ ਹੈ। ਅਦਾਕਾਰ ਨੇ ਆਖਿਆ ਕਿ ਉਹ ਕੰਮ ਕਰਨ ਲਈ ਤਿਆਰ ਹੈ ਕਿਉਂਕਿ ਵੈੱਬ ਸੀਰੀਜ਼ ਦਾ ਮਕਸਦ ਦਰਸ਼ਕਾਂ ਨੂੰ ਚੰਗਾ ਮਨੋਰੰਜਨ ਦੇਣਾ ਹੈ। ਅਦਾਕਾਰ ਨੇ ਕਿਹਾ ਕਿ ਇਹ ਉਸ ਦੀ ਪਹਿਲੀ ਵੈੱਬ ਸੀਰੀਜ਼ ਹੈ। ਇਹ ਚੁਣੌਤੀਪੂਰਨ ਕੰਮ ਹੈ ਜੋ ਉਸ ਦੀ ਸਮਰੱਥਾ ਵਿਚ ਹੋਰ ਨਿਖਾਰ ਲਿਆਵੇਗਾ। ਉਸ ਨੇ ਕਿਹਾ ਕਿ ਇਸ ਸ਼ੋਅ ਦਾ ਪੱਧਰ ਦੇਖਦੇ ਹੋਏ ਪੂਰੀ ਟੀਮ ਦਰਸ਼ਕਾਂ ਨੂੰ ਚੰਗਾ ਕਲਾ ਦਾ ਨਮੂਨਾ ਪੇਸ਼ ਕਰਨ ਲਈ ਡਟ ਕੇ ਕੰਮ ਕਰੇਗੀ। ਉਸ ਨੇ ਕਿਹਾ ਕਿ ਉਹ ਇਸ ਵੈੱਬ ਸੀਰੀਜ਼ ਦਾ ਹਿੱਸਾ ਬਣ ਕੇ ਖੁ਼ਸ਼ ਹੈ। ਇਸ ਦੇ ਨਿਰਮਾਤਾ ਦਾ ਕਹਿਣਾ ਹੈ ਕਿ ਇਹ ਸ਼ੋਅ ਦਰਸ਼ਕਾਂ ਵਿਚ ਵੱਖਰੀ ਪਛਾਣ ਬਣਾਏਗਾ। ਇਸ ਨੂੰ ਹੋਰ ਬਿਹਤਰ ਬਣਾਉਣ ਲਈ ਜਿੱਥੇ ਪੂਰੀ ਟੀਮ ਮਿਹਨਤ ਕਰ ਰਹੀ ਹੈ, ਉੱਥੇ ਹੀ ਇਸ ਨੂੰ ਵੱਖ ਵੱਖ ਮੁਲਕਾਂ ਵਿਚ ਸ਼ੂਟ ਕੀਤਾ ਜਾਵੇਗਾ। ਰਵੀਨਾ ਟੰਡਨ ਨੇ ਕਿਹਾ ਕਿ ਇਹ ਸੀਰੀਜ਼ ਸੱਤਾ ਦੇ ਸੰਘਰਸ਼ ਦੁਆਲੇ ਘੁੰਮਦੀ ਕਹਾਣੀ ’ਤੇ ਆਧਾਰਿਤ ਹੈ। ਉਸ ਨੇ ਕਿਹਾ ਕਿ ਇਹ ਸ਼ੋਅ ਦੁਨੀਆ ਭਰ ਦੇ ਦਰਸ਼ਕਾਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾ ਰਿਹਾ ਹੈ। ਉਸ ਨੇ ਕਿਹਾ ਉਸ ਨੂੰ ਇਸ ਸ਼ੋਅ ਦਾ ਹਿੱਸਾ ਬਣਨਾ ਚੰਗਾ ਲੱਗ ਰਿਹਾ ਹੈ। ਇਹ ਸ਼ੋਅ ਖੰਨਾ ਅਤੇ ਗੁਟੇ ਨੂੰ ਮੁੜ ਇਕੱਠਾ ਕਰੇਗਾ। ਉਹ ਦੋਵੇਂ ਇਸ ਤੋਂ ਪਹਿਲਾਂ ਸਾਲ 2019 ਵਿਚ ਆਈ ਫਿਲਮ ‘ਦਿ ਐਕਸੀਡੈਂਟ ਪ੍ਰਾਈਮ ਮਨਿਸਟਰ’ ਵਿਚ ਨਜ਼ਰ ਆੲੇ ਸਨ।