ਮੁੰਬਈ, 11 ਨਵੰਬਰ

ਮਲਿਆਲਮ ਅਭਿਨੇਤਰੀ ਪਰਲ ਮਾਨੇ ਦਾ ਕਹਿਣਾ ਹੈ ਕਿ ਉਹ ਨਹੀਂ ਜਾਣਦੀ ਸੀ ਕਿ ਨਿਰਦੇਸ਼ਕ ਅਨੁਰਾਗ ਬਾਸੂ ਫ਼ਿਲਮ ‘ਲੂਡੋ’ ਦੇ ਪਹਿਲੇ ਸ਼ੂਟਿੰਗ ਸ਼ਡਿਊਲ ਤੋਂ ਬਾਅਦ ਉਸ ਦੀ ਅਦਾਕਾਰੀ ਤੋਂ ਖ਼ੁਸ਼ ਸਨ ਜਾਂ ਨਹੀਂ। ਮਾਨੇ ਟੀਵੀ ਪ੍ਰੋਗਰਾਮਾਂ ਦੀ ਮੇਜ਼ਬਾਨੀ ਲਈ ਕਾਫ਼ੀ ਪ੍ਰਸਿੱਧੀ ਖੱਟ ਚੁੱਕੀ ਹੈ। ਇਸ ਤੋਂ ਇਲਾਵਾ ਉਸ ਨੇ ਤਾਮਿਲ, ਤੇਲਗੂ ਤੇ ਮਲਿਆਲਮ ਫ਼ਿਲਮਾਂ ਕੀਤੀਆਂ ਹਨ। ਅਭਿਨੇਤਰੀ ਨੇ ਕਿਹਾ ਕਿ ਉਹ ਕਾਫ਼ੀ ਹੈਰਾਨ ਹੋਈ ਜਦ ਬਾਸੂ ਨੇ ਇਸ ਅਪਰਾਧ-ਕਾਮੇਡੀ ਵਰਗ ਦੀ ਫ਼ਿਲਮ ਲਈ ਉਸ ਤੱਕ ਪਹੁੰਚ ਕੀਤੀ। ‘ਲੂਡੋ’ ਵਿਚ ਚਾਰ ਵੱਖ-ਵੱਖ ਕਹਾਣੀਆਂ ਹਨ। ਫ਼ਿਲਮ ’ਚ ਅਭਿਸ਼ੇਕ ਬੱਚਨ, ਆਦਿੱਤਿਆ ਰੌਏ ਕਪੂਰ, ਰਾਜਕੁਮਾਰ ਰਾਓ, ਪੰਕਜ ਤ੍ਰਿਪਾਠੀ ਜਿਹੇ ਵੱਡੇ ਸਿਤਾਰੇ ਵੀ ਹਨ। ਮਾਨੇ ਨੇ ਕਿਹਾ ਕਿ ਜਦ ‘ਬਰਫ਼ੀ’ ਦੇ ਨਿਰਦੇਸ਼ਕ ਨੇ ਉਸ ਨੂੰ ਬਿਨਾਂ ਆਡੀਸ਼ਨ ਸਾਈਨ ਕੀਤਾ ਤਾਂ ਉਹ ਸੋਚਦੀ ਰਹੀ ਕਿ ਸ਼ਾਇਦ ਬਾਸੂ ਨੂੰ ਉਸ ਵੱਲੋਂ ਕੀਤੇ ਕੰਮ ਦੀ ਜਾਣਕਾਰੀ ਨਹੀਂ ਹੈ। ਅਭਿਨੇਤਰੀ ਨੇ ਕਿਹਾ ਕਿ ਉਸ ਨੂੰ ਲੱਗਾ ਕਿ ਸ਼ਾਇਦ ਨਿਰਦੇਸ਼ਕ ਨੂੰ ਕੰਮ ਪਸੰਦ ਨਹੀਂ ਆਇਆ ਹੈ ਤੇ ਉਸ ਨੂੰ ਬਦਲ ਦਿੱਤਾ ਜਾਵੇਗਾ। ਮਾਨੇ ਨੇ ਕਿਹਾ ਕਿ ਸ਼ਾਇਦ ਬਾਸੂ ਨੂੰ ਭਰੋਸਾ ਸੀ ਕਿ ਉਹ ਬਹੁਤ ਘੱਟ ਡਾਇਲਾਗ ਵਾਲੀ ਇਹ ਭੂਮਿਕਾ ਕਰ ਲਏਗੀ। ਫ਼ਿਲਮ ਵਿਚ ਮਾਨੇ ਨੇ ਮਲਿਆਲੀ ਨਰਸ ਦਾ ਰੋਲ ਅਦਾ ਕੀਤਾ ਹੈ। ਅਭਿਨੇਤਰੀ ਨੇ ਕਿਹਾ ਕਿ ਬਾਸੂ ਦਾ ਕੰਮ ਕਰਨ ਦਾ ਤਰੀਕਾ ਬਹੁਤ ਵਿਲੱਖਣ ਹੈ।