ਮੁੰਬਈ, 21 ਅਕਤੂਬਰ
ਅਦਾਕਾਰ ਅਭਿਸ਼ੇਕ ਬਚਨ ਦਾ ਕਹਿਣਾ ਹੈ ਕਿ ਅਨੁਰਾਗ ਬਾਸੂ ਦੇ ਨਿਰਦੇਸ਼ਨ ਵਾਲੀ ਫਿਲਮ ‘ਲੁੱਡੋ’ ਵਿੱਚ ਕੰਮ ਕਰਨ ਦਾ ਫ਼ੈਸਲਾ ਲੈਣ ਲੱਗਿਆ ਊਸ ਨੂੰ ਸੋਚਣਾ ਨਹੀਂ ਪਿਆ, ਕਿਉਂਕਿ ਊਹ ਹਮੇਸ਼ਾ ਤੋਂ ਹੀ ਫਿਲਮਸਾਜ਼ ਬਾਸੂ ਦੇ ਕੰਮ ਦਾ ਪ੍ਰਸ਼ੰਸਕ ਰਿਹਾ ਹੈ। ਫਿਲਮ ਦੇ ਪ੍ਰਚਾਰ ਲਈ ਮੀਡੀਆ ਨਾਲ ਵਰਚੁਅਲ ਗੱਲਬਾਤ ਮੌਕੇ ਅਭਿਸ਼ੇਕ ਨੇ ਕਿਹਾ, ‘‘ਦਾਦਾ (ਬਾਸੂ) ਅਜਿਹੇ ਇਨਸਾਨ ਹਨ, ਜਿਸ ਦੇ ਕੰਮ ਦਾ ਮੈਂ ਕਾਇਲ ਹਾਂ ਅਤੇ ਅਸੀਂ ਇਕੱਠੇ ਕੰਮ ਕਰਨ ਲਈ ਯਤਨ ਕਰ ਰਹੇ ਸਾਂ। ਇਸ ਕਰਕੇ ਇਹ ਫਿਲਮ ਕਰਨ ਲਈ ਮੈਨੂੰ ਸੋਚਣਾ ਨਹੀਂ ਪਿਆ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਵਿੱਚ ਕਈ ਵਾਰ ਸਿਰਫ਼ ਭਰੋਸੇ ਦੇ ਆਧਾਰ ’ਤੇ ਕੰਮ ਕਰਨਾ ਵੀ ਬਹੁਤ ਚੰਗਾ ਹੁੰਦਾ ਹੈ ਅਤੇ ਅਜਿਹਾ ਕੰਮ ਕਰਨਾ ਵੀ ਬਹੁਤ ਚੰਗਾ ਲੱਗਦਾ ਹੈ ਜੋ ਤੁਹਾਨੂੰ ਤੁਹਾਡੀ ਸਿਖਲਾਈ ਦਾ ਸਮਾਂ ਯਾਦ ਦਿਵਾ ਦੇਵੇ।’’ ਨੈੱਟਫਲਿਕਸ ’ਤੇ 12 ਨਵੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਵਿੱਚ ਅਭਿਸ਼ੇਕ ਬੱਚਨ, ਇਨਾਇਤ ਵਰਮਾ, ਰਾਜਕੁਮਾਰ ਰਾਓ, ਆਦਿੱਤਿਆ ਰੌਏ ਕਪੂਰ, ਸਾਨੀਆ ਮਲਹੋਤਰਾ ਨੇ ਵੀ ਭੂਮਿਕਾ ਨਿਭਾਈ ਹੈ।