ਲੁਧਿਆਣਾ : ਪੰਜਾਬੀ ਫਿਲਮ “ਪਿੱਟ ਸਿਆਪਾ” ਦੀ ਟੀਮ ਲੁਧਿਆਣਾ ਪਹੁੰਚੀ। ਉਨ੍ਹਾਂ ਨੇ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਅਤੇ ਮੁਸਲਿਮ ਭਾਈਚਾਰੇ ਤੋਂ ਮੁਆਫ਼ੀ ਮੰਗੀ। ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਨੇ ਸਰਹਿੰਦ ਮਸਜਿਦ ਵਿੱਚ ਸ਼ੂਟਿੰਗ ਕੀਤੀ ਸੀ, ਜਿਸ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਨੇ ਸਰਹਿੰਦ ਦੀ ਮਸਜਿਦ ‘ਚ ਫਿਲਮ ‘ਪਿਟ ਸਿਆਪਾ’ ਦੀ ਸ਼ੂਟਿੰਗ ਕਰਨ ਦਾ ਦੋਸ਼ ਲਗਾਇਆ ਸੀ।
ਦੱਸ ਦਈਏ ਸ਼ਾਹੀ ਇਮਾਮ ਮੁਹੰਮਦ ਉਸਮਾਨ ਲੁਧਿਆਣਵੀ ਨੇ ਇਸਨੂੰ ਬੇਅਦਬੀ ਕਰਾਰ ਦਿੰਦੇ ਹੋਏ ਫਿਲਮ ਦੇ ਕਲਾਕਾਰਾਂ ਦਾ ਸਖ਼ਤ ਵਿਰੋਧ ਕੀਤਾ। ਪੰਜਾਬੀ ਫਿਲਮ ‘ਪਿਟ ਸਿਆਪਾ’ 1 ਮਈ, 2026 ਨੂੰ ਰਿਲੀਜ਼ ਹੋਣ ਵਾਲੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਮਸਜਿਦ ਵਿੱਚ ਫਿਲਮਿੰਗ ਬੇਅਦਬੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਗਈ ਹੈ। ਉੱਥੇ ਖਾਣਾ-ਪੀਣਾ ਕੀਤਾ ਗਿਆ। ਇਹ ਇੱਕ ਅਪਮਾਨ ਹੈ। ਇੱਕ ਮਸਜਿਦ ਵਿੱਚ ਦ੍ਰਿਸ਼ ਫਿਲਮਾਏ ਗਏ ਸਨ ਜੋ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ। ਨਾਲ ਹੀ ਸ਼ਾਹੀ ਇਮਾਮ ਨੇ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਨੂੰ ਫਿਲਮ ਦੀ ਨਿਰਦੇਸ਼ਕ ਅਤੇ ਨਿਰਮਾਤਾ ਸੋਨਮ ਬਾਜਵਾ ਵਿਰੁੱਧ ਐਫਆਈਆਰ ਦਰਜ ਕਰਨ ਲਈ ਕਿਹਾ ਸੀ।
ਪੰਜਾਬੀ ਫਿਲਮ “ਪਿਟ ਸਿਆਪਾ” ਦੀ ਟੀਮ ਜਿਸ ਵਿੱਚ ਅਦਾਕਾਰਾ ਸੋਨਮ ਬਾਜਵਾ ਵੀ ਸ਼ਾਮਲ ਹੈ, ਨੇ ਫਤਿਹਗੜ੍ਹ ਸਾਹਿਬ ਦੀ ਭਗਤ ਸਦਨਾ ਕਸਾਈ ਮਸਜਿਦ ਵਿੱਚ ਫਿਲਮ ਦੀ ਸ਼ੂਟਿੰਗ ਦੌਰਾਨ ਹੋਈਆਂ ਗਲਤੀਆਂ ਲਈ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਦੀ ਹਾਜ਼ਰੀ ਵਿੱਚ ਮੁਸਲਿਮ ਭਾਈਚਾਰੇ ਤੋਂ ਲਿਖਤੀ ਮੁਆਫ਼ੀ ਮੰਗੀ ਹੈ ।
ਇਸਤੋਂ ਇਲਾਵਾ ਫਿਲਮ ਦੀ ਟੀਮ ਜਿਸ ਵਿੱਚ ਨਿਰਮਾਤਾ ਬਲਜਿੰਦਰ ਜੰਜੂਆ ਵੀ ਸ਼ਾਮਲ ਹਨ ਉਨ੍ਹਾਂ ਨੇ ਭਰੋਸਾ ਦਿੱਤਾ ਕਿ ਮਸਜਿਦ ‘ਤੇ ਫਿਲਮਾਏ ਗਏ ਦ੍ਰਿਸ਼ਾਂ ਨੂੰ ਫਿਲਮ ਵਿੱਚੋਂ ਹਟਾ ਦਿੱਤਾ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਭਵਿੱਖ ਵਿੱਚ ਕਿਸੇ ਵੀ ਧਾਰਮਿਕ ਸਥਾਨ ‘ਤੇ ਅਜਿਹੀ ਕੋਈ ਗਲਤੀ ਨਹੀਂ ਕੀਤੀ ਜਾਵੇਗੀ ਜਿਸ ਨਾਲ ਕਿਸੇ ਵੀ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੇ।














