ਲੁਧਿਆਣਾ : ਸ਼ਹਿਰ ਭਰ ਦੇ ਕਈ ਸਕੂਲਾਂ ਵਿੱਚ ਅੱਜ ਸਵੇਰੇ ਉਸ ਸਮੇਂ ਹਫੜਾ-ਦਫੜੀ ਮੱਚ ਗਈ ਜਦੋਂ ਉਨ੍ਹਾਂ ਨੂੰ ਬੰਬ ਦੀ ਧਮਕੀ ਵਾਲਾ ਈਮੇਲ ਮਿਲਿਆ। ਸਕੂਲ ਪ੍ਰਬੰਧਨ ਨੂੰ ਭੇਜੇ ਗਏ ਇਸ ਈਮੇਲ ਵਿੱਚ ਸਕੂਲਾਂ ਨੂੰ ਚੇਤਾਵਨੀ ਦਿੱਤੀ ਗਈ ਤਿੰਨ ਸਕੂਲ ਬੰਬ ਦੀ ਧਮਕੀ ਮਿਲਣ ਤੋਂ ਬਾਅਦ ਲੁਧਿਆਣਾ ਪੁਲਿਸ, ਬੰਬ ਸਕੁਐਡ ਅਤੇ ਡੌਗ ਸਕੁਐਡ ਸਕੂਲਾਂ ਵਿੱਚ ਪਹੁੰਚੇ। ਸਾਵਧਾਨੀ ਦੇ ਤੌਰ ‘ਤੇ ਸਕੂਲਾਂ ਵਿੱਚ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ। ਪੁਲਿਸ ਟੀਮਾਂ ਪੂਰੇ ਖੇਤਰ ਦੀ ਚੰਗੀ ਤਰ੍ਹਾਂ ਤਲਾਸ਼ੀ ਲੈ ਰਹੀਆਂ ਹਨ। ਸਕੂਲਾਂ ਦੇ ਬਾਹਰ ਭਾਰੀ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ। ਸੁਰੱਖਿਆ ਦੇ ਮੱਦੇਨਜ਼ਰ ਡੀਏਵੀ ਸਕੂਲ ਅਤੇ ਕੇਵੀਐਮ ਸਕੂਲਾਂ ਚ ਛੁੱਟੀ ਕਰ ਦਿੱਤੀ ਗਈ ਹੈ।
ਜਾਣਕਾਰੀ ਅਨੁਸਾਰ ਸੀਬੀਐਸਈ ਨਾਲ ਸਬੰਧਤ ਤਿੰਨ ਸਕੂਲਾਂ ਨੂੰ ਮੰਗਲਵਾਰ ਸਵੇਰੇ 7 ਵਜੇ ਦੇ ਕਰੀਬ ਈਮੇਲ ਰਾਹੀਂ ਇੱਕ ਧਮਕੀ ਭਰਿਆ ਸੁਨੇਹਾ ਮਿਲਿਆ, ਜਿਸ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸਕੂਲ ਵਿੱਚ ਬੰਬ ਮੌਜੂਦ ਹੈ। ਸਕੂਲਾਂ ਦੇ ਨਾਲ ਨਾਲ ਟ੍ਰੇਨਾਂ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸਕੂਲਾਂ ਨੂੰ ਭੇਜੇ ਗਏ ਈਮੇਲ ਵਿੱਚ ਕਿਹਾ ਗਿਆ ਹੈ ਕਿ ਸਕੂਲਾਂ ਵਿੱਚ ਦੁਪਹਿਰ 1:11 ਵਜੇ ਅਤੇ ਟ੍ਰੇਨਾਂ ਵਿੱਚ ਦੁਪਹਿਰ 3:11 ਵਜੇ ਧਮਾਕੇ ਹੋਣਗੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੂਰੇ ਮਾਮਲੇ ਦੀ ਇਸ ਵੇਲੇ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਈਮੇਲ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪ੍ਰਸ਼ਾਸਨ ਨੇ ਜਨਤਾ ਨੂੰ ਨਾ ਘਬਰਾਉਣ ਦੀ ਅਪੀਲ ਕੀਤੀ ਹੈ, ਕਿਉਂਕਿ ਸੁਰੱਖਿਆ ਏਜੰਸੀਆਂ ਪੂਰੀ ਤਰ੍ਹਾਂ ਚੌਕਸ ਹਨ ਅਤੇ ਸਥਿਤੀ ‘ਤੇ ਨਜ਼ਰ ਰੱਖ ਰਹੀਆਂ ਹਨ।














