ਨਵੀਂ ਦਿੱਲੀ, 22 ਅਗਸਤ
ਵਿਦੇਸ਼ ਮੰਤਰਾਲੇ ਦੀਆਂ ਲਗਾਤਾਰ ਕੋਸ਼ਿਸ਼ਾਂ ਸਦਕਾ ਲਿਬੀਆ ’ਚ ਇਕ ਹਥਿਆਰਬੰਦ ਗੁੱਟ ਵੱਲੋਂ ਬੰਦੀ ਬਣਾਏ ਗਏ 17 ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢ ਕੇ ਭਾਰਤ ਵਾਪਸ ਲਿਆਂਦਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਇਹ ਭਾਰਤੀ ਨਾਗਰਿਕ ਪੰਜਾਬ ਅਤੇ ਹਰਿਆਣਾ ਨਾਲ ਸਬੰਧਤ ਹਨ ਅਤੇ ਉਹ ਐਤਵਾਰ ਸ਼ਾਮ ਦਿੱਲੀ ਪੁੱਜੇ। ਸੂਤਰਾਂ ਨੇ ਦੱਸਿਆ ਕਿ ਟਿਊਨਿਸ਼ ’ਚ ਭਾਰਤੀ ਸਫ਼ਾਰਤਖਾਨੇ ਨੇ ਭਾਰਤੀ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ’ਚ ਅਹਿਮ ਭੂਮਿਕਾ ਨਿਭਾਈ। ਲਿਬੀਆ ’ਚ ਫਸੇ ਹੋਏ ਭਾਰਤੀ ਨਾਗਰਿਕਾਂ ਦੇ ਪਰਿਵਾਰਕ ਮੈਂਬਰਾਂ ਨੇ 26 ਮਈ ਨੂੰ ਟਿਊਨਿਸ ’ਚ ਭਾਰਤੀ ਸਫ਼ਾਰਤਖਾਨੇ ਦੇ ਧਿਆਨ ’ਚ ਇਹ ਮਾਮਲਾ ਲਿਆਂਦਾ ਸੀ। ਸੂਤਰਾਂ ਨੇ ਕਿਹਾ ਕਿ ਇਟਲੀ ਭੇਜਣ ਦੇ ਨਾਮ ’ਤੇ ਨੌਜਵਾਨਾਂ ਨੂੰ ਲਿਬੀਆ ਭੇਜ ਦਿੱਤਾ ਗਿਆ ਸੀ ਜਿਥੇ ਜ਼ਵਾਰਾ ਸ਼ਹਿਰ ’ਚ ਹਥਿਆਰਬੰਦ ਗੁੱਟ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਸੀ। ਟਿਊਨਿਸ ’ਚ ਭਾਰਤੀ ਸਫ਼ਾਰਤਖਾਨੇ ਨੇ ਮਈ ਤੇ ਜੂਨ ’ਚ ਲਿਬੀਆ ਦੇ ਅਧਿਕਾਰੀਆਂ ਨਾਲ ਲਗਾਤਾਰ ਮਾਮਲਾ ਚੁੱਕਿਆ। ਲਿਬੀਆ ਪ੍ਰਸ਼ਾਸਨ ਨੇ 13 ਜੂਨ ਨੂੰ ਭਾਰਤੀ ਨਾਗਰਿਕਾਂ ਨੂੰ ਬਚਾਉਣ ’ਚ ਸਫ਼ਲਤਾ ਹਾਸਲ ਕੀਤੀ ਸੀ ਪਰ ਗ਼ੈਰਕਾਨੂੰਨੀ ਢੰਗ ਨਾਲ ਮੁਲਕ ’ਚ ਦਾਖ਼ਲ ਹੋਣ ਦੇ ਦੋਸ਼ ਹੇਠ ਉਨ੍ਹਾਂ ਨੂੰ ਆਪਣੀ ਹਿਰਾਸਤ ’ਚ ਰੱਖਿਆ। ਟਿਊਨਿਸ ’ਚ ਭਾਰਤੀ ਸਫ਼ੀਰ ਅਤੇ ਦਿੱਲੀ ’ਚ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਦੇ ਦਖ਼ਲ ਮਗਰੋਂ ਲਿਬੀਆ ਦੇ ਅਧਿਕਾਰੀ ਉਨ੍ਹਾਂ ਨੂੰ ਰਿਹਾਅ ਕਰਨ ਲਈ ਸਹਿਮਤ ਹੋਏ। ਲਿਬੀਆ ’ਚ ਰਹਿਣ ਦੌਰਾਨ ਭਾਰਤੀ ਸਫ਼ਾਰਤਖਾਨੇ ਨੇ ਉਨ੍ਹਾਂ ਦੀਆਂ ਹਰ ਤਰ੍ਹਾਂ ਦੀਆਂ ਜ਼ਰੂਰਤਾਂ ਦਾ ਧਿਆਨ ਰੱਖਿਆ। ਉਨ੍ਹਾਂ ਕੋਲ ਪਾਸਪੋਰਟ ਨਾ ਹੋਣ ਕਾਰਨ ਹੰਗਾਮੀ ਸਰਟੀਫਿਕੇਟ ਜਾਰੀ ਕੀਤੇ ਗਏ। ਭਾਰਤ ਪਰਤਣ ਲਈ ਟਿਕਟਾਂ ਦਾ ਪ੍ਰਬੰਧ ਵੀ ਭਾਰਤੀ ਸਫ਼ਾਰਤਖਾਨੇ ਨੇ ਕੀਤਾ। ਭਾਰਤੀ 20 ਅਗਸਤ ਨੂੰ ਸੁਰੱਖਿਅਤ ਮੁਲਕ ਪਰਤ ਆਏ।