ਓਟਵਾ, 31 ਮਾਰਚ : ਲੰਮੇਂ ਸਮੇਂ ਤੋਂ ਲਮਕ ਰਹੀਆਂ ਐਨਡੀਪੀ ਦੀਆਂ ਤਰਜੀਹਾਂ ਨੂੰ ਮਨਵਾਉਣ ਬਦਲੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਅਗਵਾਈ ਵਾਲੀ ਲਿਬਰਲ ਪਾਰਟੀ ਨੂੰ ਸੱਤਾ ਵਿੱਚ ਬਣੇ ਰਹਿਣ ਵਿੱਚ ਮਦਦ ਦਾ ਵਾਅਦਾ ਕਰਕੇ ਐਨਡੀਪੀ ਆਗੂ ਜਗਮੀਤ ਸਿੰਘ ਨੇ ਆਪਣੇ ਸਿਆਸੀ ਕਰੀਅਰ ਨੂੰ ਖਤਰੇ ਵਿੱਚ ਪਾ ਲਿਆ ਹੈ। ਇਹ ਖੁਲਾਸਾ ਨਿੱਕ ਨੈਨੋਜ਼ ਵੱਲੋਂ ਕੀਤਾ ਗਿਆ। ਪਿਛਲੇ ਹਫਤੇ ਪ੍ਰਧਾਨ ਮੰਤਰੀ ਨੇ ਇਹ ਐਲਾਨ ਕੀਤਾ ਸੀ ਕਿ ਐਨਡੀਪੀ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਸਿਰੇ ਚੜ੍ਹਾ ਲਿਆ ਗਿਆ ਹੈ ਜਿਸ ਤਹਿਤ ਜੂਨ 2025 ਤੱਕ ਲਿਬਰਲ ਸੱਤਾ ਵਿੱਚ ਬਣੇ ਰਹਿਣਗੇ।
ਨੈਨੋਜ਼ ਨੇ ਆਖਿਆ ਕਿ ਜੇ ਇਸ ਅਰਸੇ ਦੌਰਾਨ ਲਿਬਰਲ ਕਿਸੇ ਵਿਵਾਦ ਵਿੱਚ ਫਸਦੇ ਹਨ, ਜੇ ਕੋਈ ਘਪਲਾ ਹੁੰਦਾ ਹੈ, ਕੋਈ ਗੜਬੜ ਹੁੰਦੀ ਹੈ ਤੇ ਐਨਡੀਪੀ, ਲਿਬਰਲਾਂ ਦਾ ਸਾਥ ਦਿੰਦੀ ਹੈ ਤਾਂ ਉਹ ਉਨ੍ਹਾਂ ਕੈਨੇਡੀਅਨਜ਼ ਦਾ ਮੁੱਖ ਨਿਸ਼ਾਨਾ ਬਣ ਜਾਣਗੇ ਜਿਹੜੇ ਖਿੱਝੇ ਹੋਏ ਹੋਣਗੇ। ਉਨ੍ਹਾਂ ਆਖਿਆ ਕਿ ਅਜਿਹੇ ਐਨਡੀਪੀ ਕਾਕਸ ਮੈਂਬਰ ਵੀ ਹੋਣਗੇ ਜਿਹੜੇ ਲਿਬਰਲਾਂ ਦਾ ਸਾਥ ਦੇਣ ਦੀ ਗੱਲ ਤੋਂ ਖਫਾ ਹੋਣਗੇ ਤੇ ਉਹ ਇਸ ਦਾ ਸਿੱਧਾ ਸਿੱਧਾ ਨਜ਼ਲਾ ਜਗਮੀਤ ਸਿੰਘ ਉੱਤੇ ਹੀ ਝਾੜਨਗੇ।
ਜਿੱਥੋਂ ਤੱਕ ਲਿਬਰਲਾਂ ਦਾ ਸਵਾਲ ਹੈ ਤਾਂ ਨੈਨੋਜ਼ ਦਾ ਕਹਿਣਾ ਹੈ ਕਿ ਕੁੱਝ ਬਲੂ ਲਿਬਰਲਜ਼ (ਜਾਂ ਜਿਨ੍ਹਾਂ ਨੂੰ ਬਿਜ਼ਨਸ ਲਿਬਰਲ ਵੀ ਆਖਿਆ ਜਾਂਦਾ ਹੈ) ਵੀ ਹਨ ਤੇ ਪਾਰਟੀ ਦੇ ਕੁੱਝ ਵੋਟਰ ਅਜਿਹੇ ਵੀ ਹਨ ਜਿਹੜੇ ਇਸ ਡੀਲ ਤੋਂ ਖੁਦ ਨੂੰ ਅਲੱਗ ਥਲੱਗ ਪੈ ਗਿਆ ਮਹਿਸੂਸ ਕਰਨਗੇ। ਜਿੱਥੋਂ ਤੱਕ ਕੰਜ਼ਰਵੇਟਿਵਾਂ ਦਾ ਸਵਾਲ ਹੈ ਤਾਂ ਨੈਨੋਜ਼ ਦਾ ਕਹਿਣਾ ਹੈ ਕਿ ਵੱਡਾ ਸਵਾਲ ਇਹ ਹੈ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਕੀ ਉਹ ਸੱਜੇ ਪੱਖ ਵੱਲ ਜਾਣ? ਸੈਂਟਰ ਰਾਈਟ ਰਹਿਣ, ਜਾਂ ਫਿਰ ਸੈਂਟਰ ਵੱਲ ਵਧਣ?