ਸਿਡਨੀ, 2 ਜਨਵਰੀ
ਆਈਸੀਸੀ ਦੇ ਚਾਰ ਰੋਜ਼ਾ ਟੈਸਟ ਮੈਚਾਂ ਦੀ ਤਜਵੀਜ਼ ਨੂੰ ‘ਹਾਸੋਹੀਣਾ’ ਕਰਾਰ ਦਿੰਦਿਆਂ ਆਸਟਰੇਲੀਆ ਦੇ ਸੀਨੀਅਰ ਸਪਿੰਨਰ ਨਾਥਨ ਲਿਓਨ ਨੇ ਇਸ ਦਾ ਸਖ਼ਤ ਵਿਰੋਧ ਕੀਤਾ, ਜਦਕਿ ਮੁੱਖ ਕੋਚ ਜਸਟਿਨ ਲੈਂਗਰ ਵੀ ਰਵਾਇਤੀ ਤੌਰ ’ਤੇ ਬਦਲਾਅ ਦੇ ਪੱਖ ਵਿੱਚ ਨਹੀਂ ਹੈ।
ਲਿਓਨ ਦਾ ਬਿਆਨ ਅਜਿਹੇ ਸਮੇਂ ਆਇਆ, ਜਦੋਂ ਕ੍ਰਿਕਟ ਆਸਟਰੇਲੀਆ ਦੇ ਸੀਈਓ ਕੇਵਿਨ ਰੌਬਰਟਜ਼ ਨੇ ਕਿਹਾ ਕਿ ਉਸ ਦਾ ਬੋਰਡ ਚਾਰ ਰੋਜ਼ਾ ਟੈਸਟ ਵਿੱਚ ਦਿਲਚਸਪੀ ਰੱਖਦਾ ਹੈ ਅਤੇ ਉਹ ਇਸ ਸਾਲ ਦੇ ਅਖ਼ੀਰ ਵਿੱਚ ਅਫ਼ਗਾਨਿਸਤਾਨ ਖ਼ਿਲਾਫ਼ ਇਸ ਤਰ੍ਹਾਂ ਦਾ ਮੈਚ ਖੇਡ ਸਕਦਾ ਹੈ। ਲਿਓਨ ਨੇ ਕਿਹਾ, ‘‘ਮੈਂ ਪੂਰੀ ਤਰ੍ਹਾਂ ਇਸ ਦੇ ਖ਼ਿਲਾਫ਼ ਹਾਂ ਅਤੇ ਮੈਨੂੰ ਉਮੀਦ ਹੈ ਕਿ ਆਈਸੀਸੀ ਇਸ ਬਾਰੇ ਵਿਚਾਰ ਤੱਕ ਨਹੀਂ ਕਰੇਗੀ।’’
ਉਸ ਨੇ ਕਿਹਾ, ‘‘ਤੁਸੀਂ ਦੁਨੀਆਂ ਭਰ ਵਿੱਚ ਖੇਡੇ ਗਏ ਵੱਡੇ ਮੈਚਾਂ ’ਤੇ ਝਾਤੀ ਮਾਰੋ ਅਤੇ ਮੈਂ ਜਿਸ ਟੈਸਟ ਮੈਚ ਦਾ ਹਿੱਸਾ ਰਿਹਾ, ਉਹ ਅਖ਼ੀਰ ਤੱਕ ਦਿਲਚਸਪ ਬਣਿਆ ਰਿਹਾ।’’ ਲੈਂਗਰ ਨੇ ਵੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਨਿੱਜੀ ਰਾਇ ਹੈ ਕਿ ਇਸ ਨੂੰ ਬਦਲਿਆ ਨਹੀਂ ਜਾਣਾ ਚਾਹੀਦਾ।
ਲਿਓਨ ਨੇ ਭਾਰਤ ਅਤੇ ਆਸਟਰੇਲੀਆ ਵਿਚਾਲੇ 2014 ਵਿੱਚ ਐਡੀਲੇਡ ’ਚ ਖੇਡੇ ਟੈਸਟ ਮੈਚ ਦੀ ਮਿਸਾਲ ਦਿੱਤੀ, ਜਿਸ ਨੂੰ ਮੇਜ਼ਬਾਨ ਟੀਮ ਨੇ ਆਖ਼ਰੀ ਘੰਟੇ ’ਚ ਜਿੱਤਿਆ ਸੀ।