ਜੈਪੁਰ, 25 ਜੁਲਾਈ
ਰਾਜਸਥਾਨ ਦੇ ਬਰਖਾਸਤ ਮੰਤਰੀ ਰਾਜੇਂਦਰ ਗੁੜਾ ਤੇ ਭਾਜਪਾ ਦੇ ਵਿਧਾਇਕ ਮਦਨ ਦਿਲਾਵਰ ਨੂੰ ਸਦਨ ਵਿੱਚ ਉਨ੍ਹਾਂ ਦੇ ਅਣਉਚਿੱਤ ਵਿਹਾਰ ਕਾਰਨ ਅੱਜ ਵਿਧਾਨ ਸਭਾ ਸੈਸ਼ਨ ਤੋਂ ਮੁਅੱਤਲ ਕਰ ਦਿੱਤਾ ਗਿਆ। ਸਦਨ ਵਿੱਚ ਅੱਜ ਕਈ ਵਾਰ ‘ਹੰਗਾਮਾ ਭਰਪੂਰ ਤੇ ਅਸੱਭਿਆ ਦ੍ਰਿਸ਼’ ਦੇਖਣ ਨੂੰ ਮਿਲੇ, ਜਿਸ ਦੀ ਸ਼ੁਰੂਆਤ ਸਿਫ਼ਰ ਕਾਲ ਦੌਰਾਨ ਗੁੜਾ ਵੱਲੋਂ ਇੱਕ ਕਥਿਤ ‘ਲਾਲ ਡਾਇਰੀ’ ਦਾ ਮੁੱਦਾ ਚੁੱਕੇ ਜਾਣ ਕਾਰਨ ਹੋਈ। ਇਸ ਡਾਇਰੀ ਵਿੱਚ ਵਿੱਤੀ ਲੈਣ-ਦੇਣ ਸਬੰਧੀ ਬੇਨਿਯਮੀਆਂ ਦੇ ਵੇਰਵੇ ਹੋਣ ਦਾ ਦਾਅਵਾ ਹੈ।
ਗੁੜਾ ਤੋਂ ਬਾਅਦ ਭਾਜਪਾ ਵਿਧਾਇਕਾਂ ਦੀ ਨਾਅਰੇਬਾਜ਼ੀ ਤੇ ਹੰਗਾਮੇ ਕਾਰਨ ਸਦਨ ਦੀ ਕਾਰਵਾਈ ਤਿੰਨ ਵਾਰ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਦੇ ਹੰਗਾਮੇ ਦਰਮਿਆਨ ਸਦਨ ਵਿੱਚ ਚਾਰ ਮਤੇ ਪਾਸ ਕੀਤੇ ਗਏ। ਇਨ੍ਹਾਂ ਵਿੱਚੋਂ ਇੱਕ ’ਚ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਮਨੀਪੁਰ ਵਿੱਚ ਸ਼ਾਂਤੀ ਬਹਾਲੀ ਲਈ ਸਾਰੇ ਜ਼ਰੂਰੀ ਕਦਮ ਫੌਰੀ ਚੁੱਕੇ ਜਾਣ।
ਸਦਨ ਵਿੱਚ ‘ਲਾਲ ਡਾਇਰੀ’ ਨੂੰ ਲੈ ਕੇ ਹੰਗਾਮਾ ਸਿਫ਼ਰਕਾਲ ਦੌਰਾਨ ਸ਼ੁਰੂ ਹੋਇਆ। ਬਰਖਾਸਤ ਮੰਤਰੀ ਗੁੜਾ ਸਦਨ ਵਿੱਚ ਦਾਖ਼ਲ ਹੋਏ ਅਤੇ ਵਿਧਾਨ ਸਭਾ ਸਪੀਕਰ ਡਾ. ਸੀ ਪੀ ਜੋਸ਼ੀ ਦੇ ਆਸਣ ਸਾਹਮਣੇ ਆ ਗਏ। ਉਸ ਨੇ ਲਾਲ ਰੰਗ ਦੀ ਡਾਇਰੀ ਲਹਿਰਾਉਂਦਿਆਂ ਮੰਗ ਕੀਤੀ ਕਿ ਉਨ੍ਹਾਂ ਨੂੰ ਬਿਆਨ ਦੇਣ ਦੀ ਇਜਾਜ਼ਤ ਦਿੱਤੀ ਜਾਵੇ। ਸਪੀਕਰ ਨੇ ਗੁੜਾ ਦੇ ਵਿਹਾਰ ’ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਵਾਰ ਵਾਰ ਆਪਣੀ ਥਾਂ ’ਤੇ ਜਾਣ ਲਈ ਕਿਹਾ। ਇਸ ਦੌਰਾਨ ਭਾਜਪਾ ਵਿਧਾਇਕਾਂ ਨੇ ਵੀ ਨਾਅਰੇਬਾਜ਼ੀ ਅਤੇ ਹੰਗਾਮਾ ਸ਼ੁਰੂ ਕਰ ਦਿੱਤਾ ਅਤੇ ਲਾਲ ਰੰਗ ਦੀਆਂ ‘ਸੰਕੇਤਕ’ ਡਾਇਰੀਆਂ ਲਹਿਰਾਈਆਂ। ਇਸ ਦੌਰਾਨ ਸੰਸਦੀ ਮਾਮਲਿਆਂ ਬਾਰੇ ਮੰਤਰੀ ਧਾਰੀਵਾਲ ਬਿਆਨ ਦੇਣ ਲਈ ਉੱਠੇ ਤਾਂ ਗੁੜਾ ਉਨ੍ਹਾਂ ਵੱਲ ਵਧਿਆ ਅਤੇ ਉਸ ਦੇ ਮਾਈਕ੍ਰੋਫੋਨ ’ਤੇ ਹੱਥ ਮਾਰਿਆ।
ਕਾਂਗਰਸ ਵਿਧਾਇਕ ਰਫ਼ੀਕ ਖ਼ਾਨ ਨੇ ਤੁਰੰਤ ਗੁੜਾ ਨੂੰ ਧੱਕਾ ਦਿੱਤਾ ਤਾਂ ਮੰਤਰੀ ਰਾਮਲਾਲ ਜਾਟ ਅਤੇ ਹੋਰ ਕਾਂਗਰਸੀ ਵਿਧਾਇਕ ਵੀ ਅੱਗੇ ਆ ਗਏ ਅਤੇ ਗੁੜਾ ਨੂੰ ਘੇਰ ਲਿਆ। ਇਨ੍ਹਾਂ ਦਰਮਿਆਨ ਧੱਕਾ-ਮੁੱਕੀ ਹੁੰਦੀ ਦਿਖਾਈ ਦਿੱਤੀ। ਇਹ ਹੰਗਾਮਾ ਚੱਲ ਹੀ ਰਿਹਾ ਸੀ ਕਿ ਜੋਸ਼ੀ ਨੇ ਮਾਰਸ਼ਲਾਂ ਨੂੰ ਗੁੜਾ ਨੂੰ ਸਦਨ ਵਿੱਚੋਂ ਬਾਹਰ ਲਿਜਾਣ ਦਾ ਆਦੇਸ਼ ਦਿੱਤਾ ਅਤੇ ਸਦਨ ਦੀ ਕਾਰਵਾਈ ਮੁਲਤਵੀ ਕਰ ਦਿੱਤੀ ਗਈ।