ਕਪੂਰਥਲਾ, 5 ਮਈ : ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਦਿਨੋ-ਦਿਨ ਵੱਧ ਰਿਹਾ ਹੈ ਅਤੇ ਇਸ ਤੋਂ ਬਚਾਅ ਲਈ ਜਾਗਰੂਕਤਾ ਤੇ ਸੁਚੇਤ ਹੋਣਾ ਬੇਹੱਦ ਜ਼ਰੂਰੀ ਹੈ। ਇਹ ਪ੍ਰਗਟਾਵਾ ਕਰਦਿਆ ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕਿਹਾ ਕਿ ਜਿਵੇਂ ਕਿ ਬਹੁਤ ਦਿਨਾਂ ਦੇ ਲਾਕਡਾੳੂਨ ਤੋਂ ਬਾਅਦ ਸਰਕਾਰ ਵੱਲੋਂ ਦੁਕਾਨਾਂ ਆਦਿ ਖੋਲਣ ਲਈ ਕੁਝ ਸਮੇਂ ਦੀ ਢਿੱਲ ਦਿੱਤੀ ਗਈ ਹੈ, ਅਜਿਹੇ ਵਿਚ ਲੋਕਾ ਨੂੰ ਚਾਹੀਦਾ ਹੈ ਕਿ ਢਿੱਲ ਦਾ ਨਾਜਾਇਜ਼ ਫਾਇਦਾ ਨਾ ਉਠਾਇਆ ਜਾਵੇ। ਉਨਾ ਬਾਜ਼ਾਰਾਂ ਵਿਚ ਵੱਧ ਰਹੀ ਭੀੜ ’ਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਕੋਰੋਨਾ ਤੋਂ ਬਚਾਅ ਲਈ ਸੋਸ਼ਲ ਡਿਸਟੈਂਸਿੰਗ ਬੇਹੱਦ ਜ਼ਰੂਰੀ ਹੈ, ਪਰੰਤੂ ਦੇਖਣ ਵਿਚ ਆਇਆ ਹੈ ਕਿ ਲੋਕ ਬਾਜ਼ਾਰਾਂ ਵਿਚ ਇਸ ਨਿਯਮ ਦੀ ਪਾਲਣਾ ਨਹੀਂ ਕਰ ਰਹੇ। ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਸਹਿਯੋਗ ਕਰਨ ਕਿਉਂਕਿ ਸਾਰਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਉਨਾਂ ਦੇ ਹਿੱਤ ਲਈ ਇਸ ਮਹਾਂਮਾਰੀ ਖਿਲਾਫ਼ ਫਰੰਟ ’ਤੇ ਡਟਿਆ ਹੋਇਆ ਹੈ। ਉਨਾ ਲੋਕਾਂ ਨੂੰ ਬੇਵਜਾ ਘਰਾਂ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਕਿਹਾ ਅਤੇ ਮਾਸਕ ਦਾ ਪ੍ਰਯੋਗ ਕਰਨ ਅਤੇ ਵਾਰ-ਵਾਰ ਹੱਥ ਧੋਣ ਦੀ ਅਪੀਲ ਕੀਤੀ। ਇਸ ਤੋਂ ਇਲਾਵਾ ਉਨਾਂ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਅਤੇ ਡਰ ਦੀ ਸਥਿਤੀ ਪੈਦਾ ਨਾ ਕਰਨ ਦੀ ਅਪੀਲ ਵੀ ਕੀਤੀ।

ਡਿੳੂਟੀ ਕਰ ਰਹੇ ਸਟਾਫ ਨੂੰ ਵੀ ਆਪਣਾ ਖਿਆਲ ਰੱਖਣ ਲਈ ਕਿਹਾ :

ਸਿਵਲ ਸਰਜਨ ਡਾ. ਜਸਮੀਤ ਬਾਵਾ ਨੇ ਕੋਰੋਨਾ ਖਿਲਾਫ਼ ਡਟੇ ਸਿਹਤ ਵਿਭਾਗ ਦੇ ਸਟਾਫ ਨੂੰ ਵੀ ਕਿਹਾ ਕਿ ਉਹ ਡਿੳੂਟੀ ਦੌਰਾਨ ਪੂਰੀ ਸਾਵਧਾਨੀ ਵਰਤਣ। ਉਨਾਂ ਫਰੰਟ ’ਤੇ ਲੱਗੇ ਸਟਾਫ ਦੇ ਕੰਮ ਦੀ ਸ਼ਲਾਘਾ ਕਰਦਿਆਂ ਉਨਾਂ ਦੀ ਹੌਸਲਾ ਅਫ਼ਜ਼ਾਈ ਕੀਤੀ। ਉਨਾਂ ਕਿਹਾ ਕਿ ਸਾਰੀਆਂ ਹੈਲਥ ਫੈਸੀਲਿਟੀਜ਼ ਵਿਚ ਕੰਮ ਰਿਹਾ ਸਟਾਫ ਗਾੳੂਨ, ਗਲੱਵਜ਼, ਮਾਸਕ ਤੋਂ ਬਿਨਾਂ ਨਾ ਬੈਠੇ ਅਤੇ ਸਾਰੀਆਂ ਸਾਵਧਾਨੀਆਂ ਵਰਤਣੀਆਂ ਯਕੀਨੀ ਬਣਾਈਆਂ ਜਾਣ। ਉਨਾਂ ਕਿਹਾ ਕਿ ਸ਼ੱਕੀ ਮਰੀਜ਼ਾਂ ਵਿਚ ਕੋਰੋਨਾ ਦੇ ਕੋਈ ਵੀ ਲੱਛਣ ਨਾ ਆਉਣਾ ਵੀ ਚਿੰਤਾ ਦਾ ਵਿਸ਼ਾ ਹੈ ਅਤੇ ਕੋਰੋਨਾ ਪ੍ਰਸ਼ਾਰ ਦਾ ਵਾਹਕ ਹੈ। ਉਨਾਂ ਕਿਹਾ ਕਿ ਅਜਿਹੇ ਵਿਚ ਲੋਅ ਇਮੳੂਨਿਟੀ ਵਾਲੇ ਵਿਅਕਤੀ ਨੂੰ ਇਸ ਵਾਇਰਸ ਦੇ ਲਾਗ ਦਾ ਜ਼ਿਆਦਾ ਖ਼ਤਰਾ ਰਹਿੰਦਾ ਹੈ। ਉਨਾਂ ਸਟਾਫ ਨੂੰ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਤਰਾਂ ਦੇ ਸਾਮਾਨ ਦੀ ਲੋੜ ਹੈ ਤਾਂ ਫੈਸੀਲਿਟੀ ਇੰਚਾਰਜ ਨੂੰ ਦੱਸਿਆ ਜਾਵੇ ਤਾਂ ਜੋ ਸਮੇਂ ਸਿਰ ਇਹ ਸਾਮਾਨ ਮੁਹੱਈਆ ਕਰਵਾਇਆ ਜਾ ਸਕੇ।

ਕੋਰੋਨਾ ਦੀ ਜੰਗ ਦੇ ਨਾਲ ਡੇਂਗੂ-ਮਲੇਰੀਆ ਨਾਲ ਵੀ ਹੈ ਨਜਿੱਠਣਾ :

ਉਧਰ ਜ਼ਿਲਾ ਐਪੀਡੀਮੋਲੋਜਿਸਟ ਡਾ. ਰਾਜੀਵ ਭਗਤ ਅਤੇ ਡਾ. ਨਵਪ੍ਰੀਤ ਕੌਰ ਨੇ ਵੀ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨਾਂ ਨਾਲ ਹੀ ਕਿਹਾ ਕਿ ਜਿਵੇਂ ਡੇਂਗੂ ਅਤੇ ਮਲੇਰੀਆ ਦਾ ਸੀਜ਼ਨ ਵੀ ਆ ਰਿਹਾ ਹੈ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਕੋਰੋਨਾ ਦੇ ਨਾਲ-ਨਾਲ ਇਨਾਂ ਬਿਮਾਰੀਆਂ ਤੋਂ ਲੋਕਾਂ ਨੂੰ ਬਚਾਉਣ ਲਈ ਦੋਹਰੀ ਭੂਮਿਕਾ ਨਿਭਾਉਣਗੀਆਂ। ਉਨਾਂ ਲੋਕਾਂ ਨੂੰ ਕਿਹਾ ਕਿ ਆਪਣੇ ਆਸਪਾਸ ਸਾਫ਼ ਪਾਣੀ ਦਾ ਠਹਿਰਾਅ ਨਾ ਹੋਣ ਦਿੱਤਾ ਜਾਵੇ, ਤਾਂ ਜੋ ਡੇਂਗੂ ਤੇ ਮਲੇਰੀਆ ਦੇ ਮੱਛਰ ਪੈਦਾ ਨਾ ਹੋ ਸਕਣ। ਇਸ ਤੋਂ ਇਲਾਵਾ ਕੂਲਰ, ਫਰਿੱਜਾਂ ਦੀਆਂ ਟਰੇਆਂ ਨੂੰ ਸੁਕਾਇਆ ਜਾਵੇ ਅਤੇ ਘਰਾਂ ਦੀਆਂ ਛੱਤਾਂ ’ਤੇ ਪਏ ਕਬਾੜ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਪਾਣੀ ਦੀ ਟੈਂਕੀ ਨੂੰ ਢੱਕ ਕੇ ਰੱਖਿਆ ਜਾਵੇ।