ਇਹ ਮੁਹੱਬਤਾਂ ਸਾਡੇ ਪੰਜਾਬੀ ਭੈਣ ਭਰਾਵਾਂ ਦੇ ਹਿੱਸੇ ਆਈਆਂ-ਅਹਿਮਦ ਰਜ਼ਾ
ਪੰਜਾਬੀਆਂ ਦਾ ਚਾਅ ਨਾਲ ਸਵਾਗਤ ਕਰਕੇ ਰੂਹ ਨੂੰ ਖੁਸ਼ੀ ਮਿਲੀ-ਨਾਸਿਰ ਢਿੱਲੋ
ਬਲਬੀਰ ਸਿੰਘ ਬੱਬੀ
ਪੰਜਾਬੀ ਬੋਲੀ ਦੀ ਤਰੱਕੀ ਤੇ ਚੜਦੀ ਕਲਾ ਦੇ ਲਈ ਪੰਜਾਬ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਅਨੇਕਾਂ ਸ਼ਖਸ਼ੀਅਤਾਂ ਸੰਸਥਾਵਾਂ ਬਹੁਤ ਵਧੀਆ ਉਪਰਾਲੇ ਕਰ ਰਹੇ ਹਨ। ਪੰਜਾਬੀ ਮਾਂ ਬੋਲੀ ਸਬੰਧੀ ਸਮੁੱਚੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਕਾਨਫਰੰਸਾਂ ਹੋ ਰਹੀਆਂ ਹਨ। ਅਜਿਹੀ ਹੀ ਇੱਕ ਪੰਜਾਬੀ ਕਾਨਫਰੰਸ ਪਾਕਿਸਤਾਨੀ ਲਹਿੰਦੇ ਪੰਜਾਬ ਦੇ ਪ੍ਰਮੁੱਖ ਸ਼ਹਿਰ ਲਾਹੌਰ ਦੇ ਗੁੱਦਾਫੀ਼ ਸਟੇਡੀਅਮ ਵਿੱਚ ਸ਼ੁਰੂ ਹੋਈ ਹੈ ਇਸ ਅੰਤਰਰਾਸ਼ਟਰੀ ਪੰਜਾਬੀ ਕਾਨਫਰੰਸ ਦੇ ਵਿੱਚ ਸਾਡੇ ਵਾਲੇ ਪੰਜਾਬ ਤੋਂ ਬਿਨਾਂ ਇੰਗਲੈਂਡ ਕਨੇਡਾ ਯੂਰਪ ਤੇ ਪਾਕਿਸਤਾਨੀ ਪੰਜਾਬੀਆਂ ਨੇ ਬੜੇ ਚਾਅ ਖੁਸ਼ੀ ਮਲ੍ਹਾਰ ਦੇ ਨਾਲ ਇੱਥੇ ਪੁੱਜ ਕੇ ਪੰਜਾਬੀ ਮਾਂ ਬੋਲੀ ਤੇ ਅਜਿਹੀਆਂ ਕਾਨਫਰੰਸਾਂ ਕਰਨ ਵਾਲਿਆਂ ਦੀ ਸੋਚ ਸਲਾਮ ਨੂੰ ਸਜਦਾ ਕੀਤਾ।
ਇਸ ਕਾਨਫਰੰਸ ਦਾ ਉਦਘਾਟਨ ਡਾਇਰੈਕਟਰ ਜਨਰਲੀ ਪਿਲਾਕ ਬੀਨੀਸ਼ ਫ਼ਾਤਿਮਾ ਸ਼ਾਹੀ ਨੇ ਕੀਤਾ। ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਹਿਮਦ ਪੰਜਾਬੀ ਤੇ ਨਾਸਰ ਢਿਲੋ ਪ੍ਰਮੁੱਖ ਹਨ ਜਿਨਾਂ ਨੇ ਇਸ ਮਹਾਨ ਕਾਰਜ ਨੂੰ ਨੇਪਰੇ ਹੀ ਨਹੀਂ ਚਾੜਿਆ ਸਗੋਂ ਪੂਰਾ ਕਾਮਯਾਬ ਕੀਤਾ। ਸਾਡੇ ਪੰਜਾਬ ਤੋਂ ਪੰਜਾਬੀ ਲੇਖਕ ਸਾਹਿਬਾਨ ਕਲਾ ਨਾਲ ਸੰਬੰਧਿਤ ਅਨੇਕਾਂ ਕਲਾਕਾਰ ਪੰਜਾਬੀ ਗਾਇਕ ਫਿਲਮੀ ਕਲਾਕਾਰ ਉਚੇਚੇ ਤੌਰ ਉੱਤੇ ਇਸ ਕਾਨਫਰੰਸ ਵਿੱਚ ਭਾਗ ਲੈਣ ਲਈ ਲਾਹੌਰ ਪੁੱਜੇ। ਪੰਜਾਬ ਤੋਂ ਗਏ ਵਫਦੂ ਦਾ ਬਹੁਤ ਸ਼ਾਨਦਾਰ ਸਵਾਗਤ ਬਾਘਾ ਬਾਰਡਰ ਦੀ ਸਰਹੱਦ ਉੱਤੇ ਪਾਕਿਸਤਾਨੀ ਪੰਜਾਬੀਆਂ ਨੇ ਕੀਤਾ ਸਵਾਗਤ ਕਰਨ ਵਾਲਿਆਂ ਵਿੱਚ ਨਾਸਿਰ ਢਿੱਲੋਂ ਸਭ ਨੂੰ ਬੜੇ ਅਦਬ ਸਤਿਕਾਰ ਨਾਲ ਜੀ ਆਇਆ ਆਖਦੇ ਹੋਏ ਗਲਵੱਕੜੀ ਵਿੱਚ ਲੈ ਕੇ ਮੋਹ ਪਿਆਰ ਮੁਹੱਬਤ ਵੰਡ ਰਹੇ ਸਨ, ਢਿਲੋ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਦੀ ਕਾਨਫਰੰਸ ਵਿੱਚ ਜੋ ਵੀ ਪੰਜਾਬੀ ਪਿਆਰੇ ਦੁਨੀਆਂ ਵਿੱਚੋਂ ਪੁੱਜੇ ਹਨ ਉਹਨਾਂ ਦਾ ਸਵਾਗਤ ਕਰਨ ਦਾ ਅਜਿਹਾ ਚਾਅ ਹੈ ਜੋ ਮੈਂ ਸਾਂਝਾ ਨਹੀਂ ਕਰ ਸਕਦਾ।
ਇਸ ਕਾਨਫਰੰਸ ਦੇ ਵਿੱਚ ਅਨੇਕਾਂ ਬੁਲਾਰਿਆਂ ਨੇ ਸੰਬੋਧਨ ਕੀਤਾ। ਪੰਜਾਬੀ ਦੇ ਉੱਘੇ ਪੱਤਰਕਾਰ ਲੇਖਕ ਸਹਿਤਕਾਰ ਪੰਜਾਬੀ ਮਾਂ ਬੋਲੀ ਦੇ ਸਪੂਤ ਐਸ ਅਸ਼ੋਕ ਭੌਰਾ ਹੋਰਾਂ ਨੇ ਆਪਣੇ ਸੰਬੋਧਨ ਦੇ ਵਿੱਚ ਕਿਹਾ ਕਿ ਮੈਂ ਪੰਜਾਬੀ ਮਾਂ ਬੋਲੀ ਦੇ ਸਿਰ ਉੱਤੇ ਪੂਰੀ ਦੁਨੀਆ ਘੁੰਮੀਂ ਹੈ ਬੜੇ ਤਜਰਬੇ ਕੀਤੇ ਹਨ ਪਰ ਅੱਜ ਦੀ ਕਾਨਫਰੰਸ ਆਪਣੇ ਆਪ ਵਿੱਚ ਅਜੀਬ ਤੇ ਮਹਾਨ ਹੈ ਜਿੱਥੇ ਪੰਜਾਬੀ ਪਿਆਰੇ ਵੱਡੀ ਗਿਣਤੀ ਵਿੱਚ ਪੁੱਜੇ ਹਨ ਜਿਨਾਂ ਨੂੰ ਦੇਖ ਕੇ ਰੂਹ ਸਰਸ਼ਾਰ ਹੋਈ ਹੈ। ਮੈਂ ਆਸ ਕਰਦਾ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਪੰਜਾਬੀ ਪਿਆਰੇ ਦੁਨੀਆਂ ਵਿੱਚ ਕਿਤੇ ਵੀ ਬੈਠੇ ਹੋਣ ਇਸੇ ਤਰਾਂ ਹੀ ਇੱਕਜੁੱਟਤਾ ਇੱਕ ਮੁੱਠ ਹੋ ਕੇ ਪੰਜਾਬੀ ਮਾਂ ਬੋਲੀ ਦੀ ਤਰੱਕੀ ਤੇ ਚੜਦੀ ਕਲਾ ਲਈ ਉਪਰਾਲੇ ਕਰਦੇ ਰਹਿਣਗੇ। ਉਹਨਾਂ ਨੇ ਇਸ ਕਾਨਫਰੰਸ ਦੇ ਪ੍ਰਬੰਧਕਾਂ ਨੂੰ ਬਹੁਤ ਬਹੁਤ ਵਧਾਈ ਦਿੱਤੀ।
ਇੱਥੇ ਵਰਣਨ ਜੋਗ ਹੈ ਕਿ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਹਿਮਦ ਰਜਾ ਪੰਜਾਬੀ, ਜਿਨਾਂ ਨੇ ਆਪਣੇ ਨਾਂ ਦੇ ਨਾਲ ਪੱਕੇ ਤੌਰ ਉੱਤੇ ਪੰਜਾਬੀ ਤਖੱਲਸ ਲਾਇਆ ਹੋਇਆ ਹੈ ਜੋ ਹਰ ਸਮੇਂ ਪੰਜਾਬੀ ਮਾਂ ਬੋਲੀ ਲਈ ਤੜਫ਼ ਰੱਖਦੇ ਹਨ। ਉਹਨਾਂ ਦਾ ਕਹਿਣਾ ਸੀ ਕਿ ਪੰਜਾਬੀ ਮਾਂ ਬੋਲੀ ਆਪਸੀ ਸਾਂਝਾ ਮੁਹੱਬਤਾਂ ਪਿਆਰ ਦਾ ਮਿੱਠਾ ਸੁਨੇਹਾ ਦਿੰਦੀ ਹੈ ਆਓ ਇਸ ਨੂੰ ਰਲ਼ ਮਿਲ਼ ਕੇ ਮਾਣਦੇ ਰਹੀਏ।
ਪੰਜਾਬੀ ਕਾਨਫਰੰਸ ਹੋਵੇ ਪੰਜਾਬੀ ਮਾਂ ਬੋਲੀ ਨਾਲ ਸੰਬੰਧਿਤ ਗੱਲਾਂ ਬਾਤਾਂ ਹੋਣ ਪੰਜਾਬੀ ਪਿਆਰੇ ਇਕੱਠੇ ਹੋਏ ਹੋਣ ਫਿਰ ਉਥੇ ਪੰਜਾਬੀ ਗੀਤ ਸੰਗੀਤ ਕਿਵੇਂ ਨਾ ਚੱਲੇ। ਸੋ ਇਸ ਕਾਨਫਰੰਸ ਦੇ ਵਿੱਚ ਪਾਕਿਸਤਾਨ ਦੇ ਪਾਕਿਸਤਾਨੀ ਤੇ ਇਧਰੋਂ ਗਏ ਹੋਏ ਪੰਜਾਬੀ ਗਾਇਕ ਕਲਾਕਾਰਾਂ ਤੇ ਫਿਲਮੀ ਕਲਾਕਾਰਾਂ ਨੇ ਆਪੋ ਆਪਣੀ ਕਲਾ ਦੇ ਰੰਗ ਪੇਸ਼ ਕੀਤੇ ਤੇ ਸਮੁੱਚੇ ਹੀ ਹਾਜ਼ਰੀਨ ਲੋਕਾਂ ਨੇ ਬੜੀ ਰੂਹ ਦੇ ਨਾਲ ਆਨੰਦ ਮਾਣਿਆ।