ਲੰਡਨ, 31 ਜੁਲਾਈ
‘ਲਤਾ ਮੰਗੇਸ਼ਕਰ: ਬਾਲੀਵੁੱਡ ਲੀਜੈਂਡ’ ਸ਼ਰਧਾਂਜਲੀ ਸਮਾਗਮ ਬੀਬੀਸੀ ਦੇ ਮਸ਼ਹੂਰ ਆਰਕੈਸਟਰਾ ਸੰਗੀਤ ਪ੍ਰੋਗਰਾਮ ‘ਪ੍ਰੋਮ’ ਦੇ ਸਾਲਾਨਾ ਸਮਾਗਮ ਦਾ ਹਿੱਸਾ ਹੈ। ਲਤਾ ਦੇ ਗੀਤਾਂ ਰਾਹੀਂ ਆਮ ਤੌਰ ’ਤੇ ਪੱਛਮੀ ਸ਼ਾਸਤਰੀ ਸੰਗੀਤ ਲਈ ਸਮਰਪਿਤ ਇਸ ਪ੍ਰੋਗਰਾਮ ਦਾ ਘੇਰਾ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਜੋ ਭਾਰਤੀ ਭਾਈਚਾਰਾ ਵੀ ਇਸ ਵਿੱਚ ਸ਼ਾਮਲ ਹੋਵੇ। ‘ਪ੍ਰੋਮ 18 ’ਚ ਸ਼ੁੱਕਰਵਾਰ ਰਾਤ ਉਹ ਗੀਤ ਵੀ ਗੂੰਜੇ ਜੋ ਲਤਾ ਨੇ ਮਾਰਚ 1974 ’ਚ ਰੌਇਲ ਅਲਬਰਟ ਹਾਲ ’ਚ ਗਾਏ ਸੀ। ਇਨ੍ਹਾਂ ਵਿੱਚ ‘ਐ ਮੇਰੇ ਵਤਨ ਕੇ ਲੋਗੋ’ ਅਤੇ ‘ਆਏਗਾ ਆਨੇ ਵਾਲਾ’ ਗੀਤ ਸ਼ਾਮਲ ਹਨ।’ ਪ੍ਰੋਗਰਾਮ ’ਚ ਪੇਸ਼ਕਾਰੀ ਦੇਣ ਵਾਲੀ ਗਾਇਕਾ ਪਲਕ ਮੁੱਛਲ ਨੇ ਕਿਹਾ, ‘ਭਾਰਤੀ ਸੰਗੀਤ ਦੀ ਇੱਕ ਅਜਿਹੀ ਦਿੱਗਜ ਗਾਇਕਾ ਜਿਸ ਨੂੰ ਦੁਨੀਆ ਭਰ ’ਚ ਸਲਾਹਿਆ ਜਾਂਦਾ ਹੈ, ਉਨ੍ਹਾਂ ਨੂੰ ਸ਼ਰਧਾਂਜਲੀ ਦੇਣਾ ਮੇਰੇ ਲਈ ਬਹੁਤ ਖਾਸ ਹੈ।’ ਪਿੱਠਵਰਤੀ ਗਾਇਕਾ ਤੇ ਸਮਾਜ ਸੇਵਿਕਾ ਮੁੱਛਲ ਨੇ 1978 ’ਚ ਆਈ ਫਿਲਮ ‘ਸੱਤਿਅਮ ਸ਼ਿਵਮ ਸੁੰਦਰਮ’ ਦੇ ਟਾਈਟਲ ਗੀਤ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਉਨ੍ਹਾਂ ਮਸ਼ਹੂਰ ਹਿੰਦੀ ਫਿਲਮਾਂ ਜਿਵੇਂ ‘ਮੁਗਲ-ਏ-ਆਜ਼ਮ’, ‘ਕਭੀ-ਕਭੀ’ ਅਤੇ ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’ ਤੋਂ ਲੈ ਕੇ ‘ਕਭੀ ਖੁਸ਼ੀ ਕਭੀ ਗਮ’ ਤੱਕ ਦੇ ਗੀਤ ਗਾਏ।

ਬੀਬੀਸੀ ਪ੍ਰੋਮ ਨੇ ਇੱਕ ਬਿਆਨ ’ਚ ਕਿਹਾ, ‘ਇੱਕ ਸ਼ਾਮ ਸੱਤ ਦਹਾਕੇ ਦੇ ਸ਼ਾਨਦਾਰ ਕਰੀਅਰ ਦੀ ਸਿਰਫ਼ ਇੱਕ ਝਲਕ ਦਿਖਾ ਸਕਦੀ ਹੈ। ਇੱਕ ਅਜਿਹਾ ਕਰੀਅਰ ਜਿਸ ’ਚ ਉਨ੍ਹਾਂ ਅਣਗਿਣਤ ਫਿਲਮਾਂ ’ਚ ਤਕਰੀਬਨ 50 ਹਜ਼ਾਰ ਗੀਤ ਗਏ। ਲਤਾ ਦੀ ਨਾ ਸਿਰਫ਼ ਆਵਾਜ਼ ਮਿੱਠੀ ਸੀ ਬਲਕਿ ਉਨ੍ਹਾਂ 36 ਵੱਖ ਵੱਖ ਭਾਸ਼ਾਵਾਂ ’ਚ ਭਾਵਨਾਵਾਂ ਪ੍ਰਗਟਾਉਣ ਲਈ ਇਸ ਦੀ ਵਰਤੋਂ ਕੀਤੀ ਜਿਸ ਨੇ ਉਨ੍ਹਾਂ ਨੂੰ ‘ਭਾਰਤ ਦੀ ਕੋਇਲ’ ਦਾ ਖ਼ਿਤਾਬ ਦਿਵਾਇਆ।’ ਜ਼ਿਕਰਯੋਗ ਹੈ ਕਿ ਲਤਾ ਮੰਗੇਸ਼ਕਰ ਦਾ ਪਿਛਲੇ ਸਾਲ ਫਰਵਰੀ ’ਚ 92 ਸਾਲ ਦੀ ਉਮਰ ’ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦਾ ਮੁੰਬਈ ’ਚ ਪੂਰੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ ਸੀ।